ਫਗਵਾੜਾ, 16 ਮਈ (ਹਰਜੋਤ ਸਿੰਘ ਚਾਨਾ)- ਲੋਕਾਂ ਨੂੰ ਘਰੋਂ ਘਰੀ ਸਾਮਾਨ ਸਪਲਾਈ ਕਰਨ ਵਾਲੇ ਬਲਿਨਕਿਟ ਕੰਪਨੀ ਦੇ ਕਰਮਚਾਰੀਆਂ ਨੇ ਆਪਣੇ ਦਫ਼ਤਰ ਦੇ ਬਾਹਰ ਮੰਗਾਂ ਦੇ ਹੱਕ 'ਚ ਰੋਸ ਮੁਜ਼ਾਹਰਾ ਕੀਤਾ | ਕਰਮਚਾਰੀ ਤਜਿੰਦਰ ਸਿੰਘ ਤੇ ਹੋਰ ਸਾਥੀਆਂ ਨੇ ਦੱਸਿਆ ਕਿ ਕੰਪਨੀ ਵਾਲੇ ਰੇਟ ਦੇਣ 'ਚ ਬਹੁਤ ਕਮੀ ਕਰ ਰਹੇ ਹਨ, ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਜਦੋਂ ਇਨ੍ਹਾਂ ਦੀ ਕੋਈ ਗੱਡੀ ਆਉਂਦੀ ਹੈ ਤਾਂ ਸਾਨੂੰ ਮੋਟਰਸਾਈਕਲ ਸੜਕ ਦੇ ਵਿਚਕਾਰ ਖੜ੍ਹੇ ਕਰਨੇ ਪੈਂਦੇ ਹਨ ਤੇ ਪੁਲਿਸ ਵਾਲੇ ਗਲਤ ਪਾਰਕਿੰਗ ਦਾ ਚਲਾਨ ਕੱਟ ਕੇ ਸਾਨੂੰ ਪ੍ਰੇਸ਼ਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਪੈਟਰੋਲ ਦੇ ਰੇਟਾਂ 'ਚ ਵਾਧਾ ਹੋਣ ਕਰਕੇ ਵੀ ਸਾਡੀ ਆਮਦਨ ਨੂੰ ਕਾਫ਼ੀ ਸੱਟ ਵੱਜੀ ਹੈ | ਉਨ੍ਹਾਂ ਕੰਪਨੀ ਦੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਸਾਡੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ |