ਸੁਲਤਾਨਪੁਰ ਲੋਧੀ, 14 ਅਪ੍ਰੈਲ (ਥਿੰਦ)-ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ ਨੇ ਇੱਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿਚ ਧੱਕ ਦਿੱਤਾ ਹੈ | ਪਟਿਆਲਾ ਦਾ ਹੋਣਹਾਰ 35 ਸਾਲਾ ਦੋ ਭੈਣਾਂ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰਸ਼ੀਆ ਗਿਆ ਸੀ, ਪਰ ਅੱਜ ਜੰਗ ਦੇ ਮੈਦਾਨ ਵਿਚ ਮੌਤ ਦੇ ਸਾਏ ਹੇਠ ਫ਼ਰੰਟ ਲਾਇਨ ਤੇ ਜੰਗ ਲੜਨ ਲਈ ਮਜਬੂਰ ਹੈ | ਇਸ ਦੁਖਦਾਈ ਹਾਲਾਤ ਨੇ ਉਸਦੇ ਪਰਿਵਾਰ ਨੂੰ ਗਹਿਰੇ ਦੁੱਖ ਅਤੇ ਚਿੰਤਾ ਵਿਚ ਧੱਕ ਦਿੱਤਾ ਹੈ | ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ | ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰਸ਼ੀਅਨ ਆਰਮੀ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ | ਗਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ਏ ਕਰਨ ਤੋਂ ਬਾਅਦ ਜੂਨ 2025 ਵਿਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ 'ਤੇ ਰਸ਼ੀਆ ਗਿਆ ਸੀ | ਸ਼ੁਰੂਆਤੀ ਕੁੱਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸ ਦਾ ਸੰਪਰਕ ਘੱਟ ਹੋ ਗਿਆ | ਬਾਅਦ ਵਿਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸ ਨੰੂ ਉਸਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰਸ਼ੀਅਨ ਆਰਮੀ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ | ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੁਕਰੇਨ ਯੁੱਧ ਵਿਚ ਫ਼ਰੰਟ ਲਾਈਨ 'ਤੇ ਜੰਗ ਲੜਨ ਲਈ ਮਜਬੂਰ ਹੈ, ਜਦਕਿ ਉਸ ਨੰੂ ਜੰਗ ਦੀ ਕੋਈ ਸਿਖਲਾਈ ਨਹੀਂ ਸੀ | ਉਸਦੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਗਗਨਦੀਪ ਮਾਨਸਿਕ ਤੌਰ 'ਤੇ ਬਹੁਤ ਪ੍ਰਭਾਵਿਤ ਹੈ | ਨਾਲ ਆਏ ਇੱਕ ਹੋਰ ਪਰਿਵਾਰਕ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਗੱਲਬਾਤ ਦੌਰਾਨ ਗਗਨਦੀਪ ਨੇ ਉੱਥੇ ਦੇ ਬਹੁਤ ਹੀ ਖ਼ਤਰਨਾਕ ਹਾਲਾਤਾਂ ਬਾਰੇ ਦੱਸਿਆ ਸੀ, ਜਿੱਥੇ ਹਰ ਵੇਲੇ ਗੋਲੀਬਾਰੀ ਅਤੇ ਬੰਬਬਾਰੀ ਹੋ ਰਹੀ ਹੈ | ਭਾਸ਼ਾ ਦੀ ਸਮੱਸਿਆ ਕਾਰਨ ਉਸ ਤੋਂ ਜ਼ਬਰਦਸਤੀ ਦਸਤਖ਼ਤ ਵੀ ਕਰਵਾਏ ਗਏ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਮਾਮਲਾ ਉਹ ਜਨਵਰੀ ਮਹੀਨੇ ਤੋਂ ਲਗਾਤਾਰ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਵੀ ਗਗਨਦੀਪ ਦੀ ਰਿਹਾਈ ਲਈ ਯਤਨ ਜਾਰੀ ਹਨ |