ਕਪੂਰਥਲਾ, 14 ਅਪ੍ਰੈਲ (ਵਿ.ਪ੍ਰ.)-ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਰਜਿ. ਪੰਜਾਬ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਮੋਰਚੇ ਵਲੋਂ ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਤੋਂ ਮੋਰਚੇ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ ਵਿਚ ਇਕ ਰੈਲੀ ਕੱਢੀ ਗਈ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਡਾ. ਅੰਬੇਡਕਰ ਭਵਨ ਕਪੂਰਥਲਾ ਵਿਖੇ ਸਮਾਪਤ ਹੋਈ | ਇਸ ਮੌਕੇ ਮਹਿੰਦਰ ਸਿੰਘ ਹਮੀਰਾ ਤੇ ਹੋਰ ਆਗੂਆਂ ਨੇ ਡਾ. ਅੰਬੇਡਕਰ ਦੇ ਬੁੱਤ 'ਤੇ ਫ਼ੁਲ ਮਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਉਨ੍ਹਾਂ ਨੂੰ ਪੜ੍ਹਨ ਲਿਖਣ, ਵੋਟ ਦਾ ਅਧਿਕਾਰ ਤੇ ਰਿਜ਼ਰਵੇਸ਼ਨ ਦਾ ਹੱਕ ਦਿਵਾਇਆ | ਇਸ ਲਈ ਦੱਬੇ ਕੁਚਲੇ ਸਮਾਜ ਦੇ ਲੋਕ ਉਨ੍ਹਾਂ ਦੀ ਇਸ ਦੇਣ ਨੂੰ ਕਦੇ ਵੀ ਭੁਲਾ ਨਹੀਂ ਸਕਦੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾ. ਅੰਬੇਡਕਰ ਵਲੋਂ ਦਿੱਤੇ ਸੰਦੇਸ਼ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਨੂੰ ਆਪਣੇ ਜੀਵਨ ਵਿਚ ਅਪਣਾਉਣ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਡਾ. ਅੰਬੇਡਕਰ ਦੇ ਮਿਸ਼ਨ ਨੂੰ ਹੋਰ ਅੱਗੇ ਲਿਜਾਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਵਣ ਸਿੰਘ ਰੋਮੀ, ਸਤਨਾਮ ਸਿੰਘ ਗਿੱਲ ਵਡਾਲਾ, ਗੁਰਦੇਵ ਸਿੰਘ ਖੇੜਾ, ਹੈਪੀ ਥਿੱਗਲੀ, ਮਨਜੀਤ ਸਿੰਘ ਸੈਣੀ, ਬਾਬਾ ਦਿਲਬਾਗ ਸਿੰਘ, ਬਾਬਾ ਮੰਗਲ ਸਿੰਘ, ਬਲਵਿੰਦਰ ਸਿੰਘ ਘਾਰੂ, ਫ਼ੌਜੀ ਸੁਖਦੇਵ ਸਿੰਘ, ਲਖਬੀਰ ਸਿੰਘ ਡੋਗਰਾਂਵਾਲ, ਤਰਸੇਮ ਸਿੰਘ ਠੱਠਾ, ਲਾਭ ਸਿੰਘ, ਸੁਲੱਖਣ ਸਿੰਘ, ਬਿੱਲਾ ਥਿੱਗਲੀ ਆਦਿ ਹਾਜ਼ਰ ਸਨ |