ਡਡਵਿੰਡੀ, 14 ਅਪ੍ਰੈਲ (ਦਿਲਬਾਗ ਸਿੰਘ ਝੰਡ)-ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਸਰਪੰਚ ਹਰਜਿੰਦਰ ਸਿੰਘ ਮਨਿਆਲਾ ਤੇ 'ਆਪ' ਆਗੂ ਸੁਖਦੇਵ ਸਿੰਘ ਸੰਧਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿਚ ਬੇਅਦਬੀਆਂ ਦੇ ਦੋਸ਼ੀਆਂ ਲਈ ਸਜਾਵਾਂ ਸਬੰਧੀ ਨਵੀਆਂ ਧਰਾਵਾਂ ਜੋੜਨ ਲਈ ਸੋਧ ਬਿੱਲ ਨੂੰ ਪਾਸ ਕਰਕੇ ਇਤਿਹਾਸਿਕ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਲਿਆਂਦੇ ਗਏ ਇਸ ਨਵੇਂ ਬਿੱਲ ਦੀ ਬਦੌਲਤ ਹੁਣ ਕੋਈ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਬਾਰੇ ਨਹੀਂ ਸੋਚ ਸਕਦਾ | ਉਨ੍ਹਾਂ ਕਿਹਾ ਕਿ ਹੁਣ ਕੇਵਲ ਦੋਸ਼ੀ ਹੀ ਨਹੀਂ ਸਗੋਂ ਸਾਜ਼ਿਸ਼ ਕਰਤਾ 'ਤੇ ਵੀ ਬਰਾਬਰ ਇਸੇ ਕਾਨੂੰਨ ਤਹਿਤ ਕਾਰਵਾਈ ਹੋਵੇਗੀ ਤੇ ਇਸ ਕਾਨੂੰਨ ਹੇਠ ਅਜਿਹੇ ਦੋਸ਼ ਵਿਚ ਜ਼ਮਾਨਤ ਨਹੀਂ ਹੋ ਸਕੇਗੀ ਤੇ ਉਮਰ ਭਰ ਲਈ ਕੈਦ ਅਤੇ ਵੱਡੇ ਜੁਰਮਾਨੇ ਹੋਣਗੇ | ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਮੰਦਬੁੱਧੀ ਦਾ ਬਹਾਨਾ ਲਗਾ ਕੇ ਛੁੱਟ ਨਹੀਂ ਸਕਦਾ ਸਗੋਂ ਪੂਰਾ ਮੈਡੀਕਲ ਟੈੱਸਟ ਹੋਣ ਮਗਰੋਂ ਉਸ ਦੇ ਮਾਪਿਆਂ ਜਾਂ ਸੰਭਾਲਣ ਵਾਲਿਆਂ 'ਤੇ ਪੂਰੀ ਕਾਨੂੰਨੀ ਕਾਰਵਾਈ ਹੋਇਆ ਕਰੇਗੀ ਜੋ ਕਿ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਖ਼ਤ ਕਾਨੂੰਨ ਬਣਾਉਣੇ ਪੰਜਾਬ ਵਿਚ ਬਹੁਤ ਲਾਜ਼ਮੀ ਹਨ |