ਸੁਲਤਾਨਪੁਰ ਲੋਧੀ, 14 ਅਪ੍ਰੈਲ (ਨਰੇਸ਼ ਹੈਪੀ)-ਵਿਸਾਖੀ ਦੇ ਤਿਉਹਾਰ ਮੌਕੇ ਪਵਿੱਤਰ ਕਾਲੀ ਵੇਈਾ ਦੇ ਪੱਤਣਾਂ ਤੇ ਪੰਜ ਥਾਈਾ ਧਾਰਮਿਕ ਦੀਵਾਨ ਸਜਾਏ ਗਏ ਤੇ ਗੁਰ ਸੰਗਤਾਂ ਵਲੋਂ ਇਸ਼ਨਾਨ ਕੀਤਾ ਗਿਆ | ਵੱਖ ਵੱਖ ਥਾਈਾ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਸੰਗਤਾਂ ਨੂੰ ਸਮਾਗਮ ਦਾ ਇਤਿਹਾਸਿਕ ਪਿਛੋਕੜ ਦੱਸਦਿਆਂ ਕਿਹਾ ਕਿ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕਰਨ ਲਈ ਸਤਲੁਜ ਦਰਿਆ ਵਿਚੋਂ ਨਿਰਮਲ ਜਲ ਲਿਆ ਸੀ | ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਸਰੋਤਾਂ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਵੇਈਾ ਵਾਂਗ ਹੁਣ ਪਵਿੱਤਰ ਬੁੱਢੇ ਦਰਿਆ ਕਿਨਾਰੇ ਵੀ ਵਿਸਾਖੀ ਮੌਕੇ ਸੰਗਤਾਂ ਦੂਰ ਦੁਰਾਡੇ ਤੋਂ ਇਸ਼ਨਾਨ ਕਰਨ ਲਈ ਪਹੁੰਚੀਆਂ | ਉਨ੍ਹਾਂ ਦੱਸਿਆ ਕਿ ਪਵਿੱਤਰ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੇ ਸਾਰਥਿਕ ਨਤੀਜੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਦੂਜੀ ਵਾਰ ਪਿੰਡ ਭੂਖੜੀ ਵਿਖੇ ਸੰਗਤਾਂ ਨੇ ਪਵਿੱਤਰ ਬੁੱਢੇ ਦਰਿਆ ਦੇ ਅੰਮਿ੍ਤ ਜਲ ਵਿਚ ਇਸ਼ਨਾਨ ਕੀਤਾ | ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਲੁਧਿਆਣਾ ਸ਼ਹਿਰ ਦੀ ਆਮਦ ਵਿਚ ਬਣੇ ਸੰਗਤ ਘਾਟ ਵਿਖੇ ਵੀ ਵਿਸਾਖੀ ਮੇਲਾ ਮਨਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਸੀ | ਉਨ੍ਹਾਂ ਦੱਸਿਆ ਕਿ ਪਿੰਡ ਭੂਖੜੀ ਪਵਿੱਤਰ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਹੈ, ਜੋ ਬੁੱਢੇ ਦਰਿਆ ਨੂੰ ਆਖੀਰ ਤੱਕ ਸਾਫ਼ ਕਰਨ ਤੱਕ ਜਾਰੀ ਰਹੇਗੀ | ਵੇਈਾ ਦੇ ਮੁੱਢ ਸਰੋਤ ਨਿਰਮਲ ਕੁਟੀਆ ਗਾਲੋਵਾਲ ਵਿਖੇ ਅੰਮਿ੍ਤ ਵੇਲੇ ਤੋਂ ਸੰਗਤਾਂ ਇਸ਼ਨਾਨ ਕਰਨ ਲਈ ਪਹੁੰਚਣ ਲੱਗ ਗਈਆਂ ਸੀ | ਨਿਰਮਲ ਕੁਟੀਆ ਭੁਲੱਥ, ਨਿਰਮਲ ਕੁਟੀਆ ਸੁਭਾਨਪੁਰ, ਨਿਰਮਲ ਕੁਟੀਆ ਭਵਾਨੀਪੁਰ, ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵੀ ਧਾਰਮਿਕ ਦੀਵਾਨ ਸਜਾਏ ਗਏ ਤੇ ਸੰਗਤਾਂ ਦੇ ਵਿਸਾਖੀ ਇਸ਼ਨਾਨ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ |