ਕਪੂਰਥਲਾ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਆ ਕੇ ਪੁਲਿਸ ਮੇਰੇ ਨਾਲ ਸਬੰਧਿਤ ਪੰਚਾਇਤ ਸੰਮਤੀ ਮੈਂਬਰਾਂ ਨਾਲ ਧੱਕੇਸ਼ਾਹੀ ਕਰਕੇ ਪੰਚਾਇਤ ਸੰਮਤੀ ਫੱਤੂਢੀਂਗਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮਨਮਾਨੇ ਢੰਗ ਨਾਲ ਕਰਕੇ ਪੰਚਾਇਤ ਸੰਮਤੀ 'ਤੇ ਕਾਬਜ਼ ਹੋਣਾ ਚਾਹੁੰਦੀ ਹੈ ਪਰੰਤੂ ਮੈਂ ਇਸਦਾ ਡੱਟ ਕੇ ਵਿਰੋਧ ਕਰਾਂਗੇ | ਇਹ ਗੱਲ ਰਾਣਾ ਇੰਦਰਪ੍ਰਤਾਪ ਸਿੰਘ ਆਜ਼ਾਦ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਨੇ ਅੱਜ ਸਵੇਰੇ ਏਕਤਾ ਭਵਨ ਵਿਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਬੀਤੀ ਰਾਤ ਤੇ ਅੱਜ ਸਵੇਰੇ ਪੁਲਿਸ ਨੇ ਸੈਦੋਭੁਲਾਣਾ ਜ਼ੋਨ ਤੋਂ ਮੇਰੇ ਸਮਰਥਕ ਆਜ਼ਾਦ ਮੈਂਬਰ ਸੁਖਵਿੰਦਰ ਸਿੰਘ ਦੇ ਘਰ ਦੀ ਕੰਧ ਟੱਪ ਕੇ ਉਸ ਦੇ ਘਰ ਵਿਚ ਦਾਖਲ ਹੋਈ, ਪਰੰਤੂ ਸੁਖਵਿੰਦਰ ਸਿੰਘ ਦੇ ਘਰ ਨਾ ਮਿਲਣ 'ਤੇ ਪੁਲਿਸ ਵਾਪਸ ਪਰਤ ਆਈ | ਉਨ੍ਹਾਂ ਕਿਹਾ ਕਿ ਇਹ ਇਕਵਾਰ ਨਹੀਂ ਸਗੋਂ ਪਿਛਲੇ ਕਈ ਦਿਨਾਂ ਤੋਂ ਪੁਲਿਸ ਉਨ੍ਹਾਂ ਦੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਡਰਾ ਧਮਕਾ ਰਹੀ ਹੈ | ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਪੰਚਾਇਤ ਸੰਮਤੀ ਫੱਤੂਢੀਂਗਾ ਦੇ 15 ਮੈਂਬਰਾਂ ਵਿਚੋਂ 8 ਮੈਂਬਰ ਮੇਰੇ ਤੇ 7 ਮੈਂਬਰ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਸਨ | ਇਸ ਚੋਣ ਵਿਚ ਬਤੌਰ ਐਮ.ਐਲ.ਏ. ਮੇਰੀ ਵੋਟ ਪਾ ਕੇ ਸਾਡਾ ਬਹੁਮਤ 9 ਦਾ ਬਣਦਾ ਹੈ | ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਦੇ ਘਰ 'ਤੇ ਛਾਪੇਮਾਰੀ ਦਾ ਮਾਮਲਾ ਜਦੋਂ ਉਨ੍ਹਾਂ ਐਸ.ਐਸ.ਪੀ. ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਇਹ ਕਹਿਕੇ ਪੱਲਾ ਝਾੜ ਲਿਆ ਕਿ ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਚੇਅਰਮੈਨ ਦੀ ਚੋਣ ਦਾ ਸਮਾਂ 11 ਵਜੇ ਨਿਸ਼ਚਿਤ ਕੀਤਾ ਸੀ ਤੇ ਬਾਅਦ ਵਿਚ ਇਸਨੂੰ ਆਪਣੇ ਤੌਰ 'ਤੇ ਹੀ 10 ਵਜੇ ਨਿਸ਼ਚਿਤ ਕਰ ਦਿੱਤਾ ਗਿਆ ਤਾਂ ਜੋ ਸਾਡੇ ਮੈਂਬਰ ਸਮੇਂ ਸਿਰ ਨਾ ਪਹੁੰਚ ਸਕਣ | ਮੌਕੇ 'ਤੇ ਹਾਜ਼ਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਪੁਲਿਸ ਨੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਘਰ ਦੀ ਤਲਾਸ਼ੀ ਲਈ ਪਰ ਮੈਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਪੁਲਿਸ ਚੋਣ ਤੋਂ ਪਹਿਲਾਂ ਮੈਨੂੰ ਧੱਕੇ ਨਾਲ ਚੁੱਕਣ ਦਾ ਯਤਨ ਕਰੇਗੀ | ਪੰਚਾਇਤ ਸੰਮਤੀ ਮੈਂਬਰ ਨੇ ਦੱਸਿਆ ਕਿ ਪੁਲਿਸ ਰਾਣਾ ਇੰਦਰਪ੍ਰਤਾਪ ਦੇ ਸਮਰਥਕ ਪੰਚਾਇਤ ਸੰਮਤੀ ਮੈਂਬਰਾਂ ਤੇ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ | ਇਸ ਮੌਕੇ ਪੰਚਾਇਤ ਸੰਮਤੀ ਫੱਤੂਢੀਂਗਾ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |