ਕਪੂਰਥਲਾ, 1 ਅਪ੍ਰੈਲ (ਅਮਰਜੀਤ ਕੋਮਲ)-ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ ਦੀ ਅਗਵਾਈ ਵਿਚ ਅੱਜ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਨਗਰ ਕੌਂਸਲਰ ਬਲਜੀਤ ਸਿੰਘ ਕਾਲਾ ਤੇ ਨਗਰ ਕੌਂਸਲਰ ਕਰਨ ਮਹਾਜਨ ਨੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਨਾਂਅ ਲਿਖਿਆ ਪੱਤਰ ਉਨ੍ਹਾਂ ਨੂੰ ਸੌਂਪਿਆਂ ਤੇ ਮੰਗ ਕੀਤੀ ਕਿ ਕਾਂਜਲੀ ਨੇੜਲੇ ਕੂੜੇ ਦੇ ਡੰਪ ਵਾਲੀ ਤੇ ਡੰਪ ਨੂੰ ਜਾਂਦੀ ਸੜਕ ਦੀ ਬਿਨਾਂ ਦੇਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇੱਥੇ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ | ਪੱਤਰ ਵਿਚ ਰਾਣਾ ਗੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਹ ਨਗਰ ਕੌਂਸਲਰਾਂ ਦੇ ਸਹਿਯੋਗ ਨਾਲ ਪਿਛਲੇ 6 ਮਹੀਨਿਆਂ ਤੋਂ ਸ਼ਹਿਰ ਦੇ ਵੱਖ-ਵੱਖ ਡੰਪਾਂ ਤੋਂ ਕੂੜਾ ਆਪਣੇ ਨਿੱਜੀ ਖ਼ਰਚੇ ਤੋਂ ਚੁਕਵਾ ਰਹੇ ਹਨ | ਪਰ ਕੁੱਝ ਦਿਨਾਂ ਤੋਂ ਕਾਂਜਲੀ ਨੇੜਲੇ ਕੂੜੇ ਵਾਲੇ ਡੰਪ 'ਤੇ ਕੂੜਾ ਸੁੱਟਣ ਦਾ ਕੰਮ ਬਰਸਾਤ ਕਾਰਨ ਪ੍ਰਭਾਵਿਤ ਹੋਇਆ ਹੈ | ਕਿਉਂਕਿ ਸੜਕ ਟੁੱਟੀ ਹੋਣ ਕਾਰਨ ਨਿੱਜੀ ਤੌਰ 'ਤੇ ਕੂੜਾ ਸੁੱਟਣ ਵਾਲੀਆਂ ਟਰੈਕਟਰ ਟਰਾਲੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਵਲੋਂ ਨਗਰ ਨਿਗਮ ਦੀ ਕਮਿਸ਼ਨਰ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਗਿਆ ਸੀ, ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਆਈ | ਪੱਤਰ ਵਿਚ ਕਾਂਗਰਸ ਵਿਧਾਇਕ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਇਸ ਸਬੰਧੀ ਨਗਰ ਨਿਗਮ ਦੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਉਹ ਕਾਂਜਲੀ ਨੇੜਲੇ ਕੂੜਾ ਡੰਪ ਵਾਲੀ ਥਾਂ 'ਤੇ ਪੋਕਲੇਨ ਮਸ਼ੀਨ ਨਾਲ ਬਿਨਾ ਕਿਸੇ ਦੇਰੀ ਦੇ ਕੂੜੇ ਦੇ ਡੰਪ ਨੂੰ ਠੀਕ ਕਰਵਾਉਣ ਤੇ ਡੰਪ ਨੂੰ ਜਾਂਦੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਸ਼ਹਿਰ ਦਾ ਕੂੜਾ ਚੁੱਕਣ ਦਾ ਕੰਮ ਨਿਰੰਤਰ ਜਾਰੀ ਰੱਖਿਆ ਜਾ ਸਕੇ | ਪੱਤਰ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਰਸਤਾ ਚਾਲੂ ਨਾ ਹੋਇਆ ਤਾਂ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਕਾਰਨ ਬਿਮਾਰੀ ਫੈਲ ਸਕਦੀ ਹੈ |