ਕਪੂਰਥਲਾ, 19 ਫਰਵਰੀ (ਅਮਰਜੀਤ ਕੋਮਲ)- ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਇਹ ਗੱਲ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਨੇ ਅੱਜ ਸ਼ੇਖੂਪੁਰ ਐਲੀਮੈਂਟਰੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ 'ਰੌਣਕਾਂ 2026' ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਇਸ ਸਕੂਲ ਦਾ ਨਾਂਅ ਮਾਣ ਨਾਲ ਲਿਆ ਜਾਂਦਾ ਹੈ ਤੇ ਹਾਲ ਹੀ ਵਿਚ ਸਕੂਲ ਨੂੰ ਬੈੱਸਟ ਸਕੂਲ ਦੇ ਐਵਾਰਡ ਨਾਲ ਨਿਵਾਜਿਆ ਗਿਆ | ਉਨ੍ਹਾਂ ਯਾਦਗਾਰੀ ਸਮਾਗਮ ਕਰਵਾਉਣ ਲਈ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਤੇ ਸਕੂਲ ਦੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਇਸ ਤੋਂ ਪਹਿਲਾਂ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬਲਾਕ ਸੰਮਤੀ ਮੈਂਬਰ ਕਿਰਨਦੀਪ ਸ਼ਰਮਾ, ਨੀਰਜ ਸ਼ਰਮਾ, ਸੁਖਦੇਵ ਰਾਜ ਸ਼ਰਮਾ ਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ਦੀ ਸ਼ੁਰੂਆਤ ਕਰਵਾਈ | ਬਾਅਦ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਵੰਦਨਾ ਪੇਸ਼ ਕੀਤੀ | ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਸਕੂਲ ਦੀਆਂ ਅਕਾਦਮਿਕ, ਖੇਡਾਂ ਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ, ਵਿੱਦਿਅਕ ਸੈਸ਼ਨ 2024-25 ਦੌਰਾਨ ਸਿੱਖਿਆ ਵਿਭਾਗ ਵਲੋਂ ਸਕੂਲ ਨੂੰ ਬੈੱਸਟ ਸਕੂਲ ਦਾ ਐਵਾਰਡ ਦੇਣ, ਈਕੋ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਸਕੂਲ ਦੀ ਵਿਦਿਆਰਥਣ ਏਕਮ ਵਲੋਂ ਤਿਆਰ ਕੀਤੇ ਵਰਕਿੰਗ ਮਾਡਲ ਨੂੰ ਪਹਿਲਾ ਸਥਾਨ ਮਿਲਣ, ਅਧਿਆਪਕਾ ਰਚਨਾਪੁਰੀ ਦੇ ਫਿਨਲੈਂਡ ਦੀ ਟੁਰਕੋ ਯੂਨੀਵਰਸਿਟੀ ਵਿਚ 15 ਰੋਜ਼ਾ ਟੀਚਰ ਟਰੇਨਿੰਗ ਪ੍ਰਾਪਤ ਕਰਨ ਸਮੇਤ ਸਕੂਲ ਦੀਆਂ ਹੋਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਨਾਟਕ ਤੇ ਹੋਰ ਸਭਿਆਚਾਰਕ ਗਤੀਵਿਧੀਆਂ ਦਾ ਬਾਖ਼ੂਬੀ ਨਾਲ ਪ੍ਰਦਰਸ਼ਨ ਕੀਤਾ | ਸਕੂਲ ਦੇ ਲੜਕੇ ਤੇ ਲੜਕੀਆਂ ਵਲੋਂ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਸਮਾਗਮ ਦਾ ਮੁੱਖ ਆਕਰਸ਼ਣ ਰਹੀ | ਸਮਾਗਮ ਨੂੰ ਸੰਬੋਧਨ ਕਰਦਿਆਂ ਕਿਰਨਦੀਪ ਸ਼ਰਮਾ ਤੇ ਨੀਰਜ ਸ਼ਰਮਾ ਨੇ ਸਕੂਲ ਦੀ ਕਾਇਆ ਕਲਪ ਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਦੇ ਸਟਾਫ਼ ਨੂੰ ਵਧਾਈ ਦਿੱਤੀ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਬਾਬਾ ਵਰਿਆਮ ਸਿੰਘ ਗੁਰਦੁਆਰਾ ਸੰਤਸਰ ਸਾਹਿਬ ਪ੍ਰੀਤ ਨਗਰ ਵਾਲਿਆਂ ਨੇ ਵੀ ਸਕੂਲ ਦੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਸ਼ੇਖੂਪੁਰ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਵਰਨਣਯੋਗ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ, ਲੈਕਚਰਾਰ ਨਰਿੰਦਰ ਸਿੰਘ ਔਜਲਾ, ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲੀ, ਅਮਨਦੀਪ ਸਿੰਘ ਵਾਲੀਆ ਭਵਾਨੀਪੁਰ ਤੇ ਹੋਰ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ | ਸਮਾਗਮ ਦੌਰਾਨ ਸਟੇਜ ਸੰਚਾਲਨ ਦੇ ਫ਼ਰਜ ਅਧਿਆਪਕਾ ਰਚਨਾਪੁਰੀ ਨੇ ਨਿਭਾਏ | ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਸ਼ਖ਼ਸੀਅਤਾਂ ਨੇ ਸਕੂਲ ਦੇ ਵਿਦਿਆਰਥੀਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ | ਇਸ ਮੌਕੇ ਕਾਂਗਰਸ ਆਗੂ ਦੀਪ ਸਿੰਘ ਸ਼ੇਖੂਪੁਰ, ਚਰਨਜੀਤ ਸ਼ਰਮਾ, ਜਸਪ੍ਰੀਤ ਕੌਰ ਹਮੀਰਾ, ਰਿਤੂ ਬਾਲਾ ਬੂੜੇਵਾਲ, ਨੀਰੂਬਾਲਾ ਬਲੇਰਖਾਨਪੁਰ (ਤਿੰਨੇ ਸੈਂਟਰ ਹੈੱਡ ਟੀਚਰ), ਬਲਾਕ ਰਿਸੋਰਸ ਪਰਸਨ ਡਾ. ਪਰਮਜੀਤ ਕੌਰ, ਹਰਜਿੰਦਰ ਸਿੰਘ ਹੈਰੀ, ਮੀਨਾਕਸ਼ੀ ਸ਼ਰਮਾ, ਰਜੇਸ਼ ਮੈਂਗੀ, ਅੰਜਨਾ ਕੁਮਾਰੀ, ਮੀਨਾਕਸ਼ੀ ਪਾਂਧੀ (ਸਾਰੇ ਹੈੱਡ ਟੀਚਰ), ਨੀਤੂ ਆਨੰਦ, ਕੁਲਦੀਪ ਕੌਰ, ਮਮਤਾ ਦੇਵੀ, ਮੋਨਿਕਾ ਅਰੋੜਾ, ਸ਼ੈਲਜਾ ਸ਼ਰਮਾ, ਕਮਲਦੀਪ ਬਾਵਾ, ਮਨਮੋਹਨ ਕੌਰ, ਬਰਿੰਦਾ ਸ਼ਰਮਾ, ਮੰਜੂ ਰਾਣੀ, ਸ਼ਮਾ ਰਾਣੀ, ਹਰਪ੍ਰੀਤ ਕੌਰ, ਮੀਨੂ ਰਾਣੀ, ਜੋਤਾਂ ਬਾਈ, ਮਨਵੀਰ ਕੌਰ, ਪਰਮਜੀਤ, ਹਰਵਿੰਦਰ ਕੌਰ, ਸਰੋਜ਼ ਰਾਣੀ, ਮਿੱਡ ਡੇ ਮੀਲ ਕੁੱਕ ਵਰਕਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |