ਸੁਲਤਾਨਪੁਰ ਲੋਧੀ, 29 ਜਨਵਰੀ (ਪ.ਪ.)- ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸੈਦਪੁਰ ਬਸਤੀ ਦੇ ਲੋਕਾਂ ਵੱਲੋਂ ਗਲੀਆਂ ਵਿੱਚ ਸੀਵਰੇਜ ਨਾ ਪੈਣ ਅਤੇ ਗੰਦਾ ਪਾਣੀ ਇਕੱਠਾ ਹੋਣ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ ਤੇ ਮੌਜੂਦਾ ਪੰਚਾਇਤ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ | ਇਸ ਸਮੇਂ ਨਾਅਰੇਬਾਜ਼ੀ ਕਰਦਿਆਂ ਬਸਤੀ ਸੈਦਪੁਰ ਦੇ ਵਸਨੀਕ ਐਡਵੋਕੇਟ ਦਲਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੈਦਪੁਰ ਬਸਤੀ ਵਿੱਚ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ, ਗਲੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਤਰਸਯੋਗ ਹਾਲਤ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਸਾਰਿਆਂ ਨੇ ਜਿਸ ਪਿੰਡ ਤੇ ਵਿਅਕਤੀ ਨੂੰ ਸਰਪੰਚ ਬਣਾਇਆ ਸੀ ਉਹੀ ਸਰਪੰਚ ਹੁਣ ਵਿਰੋਧੀ ਧਿਰਾਂ ਦੇ ਹੱਥੇ ਚੜ੍ਹ ਕੇ ਸਾਡੀ ਬਸਤੀ ਵਿੱਚ ਵਿਕਾਸ ਨਹੀਂ ਹੋਣ ਦੇ ਰਿਹਾ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਿਕਾਸ ਕਰਵਾਉਣਾ ਚਾਹੁੰਦੇ ਹਾਂ ਪਰ ਵਿਕਾਸ ਨੂੰ ਤੋੜ ਮਰੋੜ ਕੇ ਕਰਵਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਦਿਲਜੀਤ ਸਿੰਘ, ਬਿੱਕਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਸਵੀਰ ਸਿੰਘ ਛੱਜੂ, ਅਮਰੀਕ ਸਿੰਘ, ਮਨਪ੍ਰੀਤ, ਗਗਨ, ਹਰਜਿੰਦਰ ਸਿੰਘ, ਬਲਦੇਵ ਦੇਬਾ, ਅਰਪਣ ਸਿੰਘ, ਬਖ਼ਸ਼ੀਸ਼ ਸਿੰਘ, ਗੋਰਖਾ ਸਿੰਘ, ਸੁਖਵਿੰਦਰ ਸਿੰਘ, ਕਾਕਾ, ਬਖ਼ਸ਼ੋ, ਬੰਸੀ, ਮਨਜੀਤ ਕੌਰ, ਵਿੱਦਿਆ ਆਦਿ ਵੀ ਹਾਜ਼ਰ ਸਨ ਨੇ ਕਿਹਾ ਕਿ ਜੇ ਜਲਦੀ ਕੰਮ ਨਾ ਸ਼ੁਰੂ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਸਬੰਧੀ ਮੌਜੂਦਾ ਸਰਪੰਚ ਬਲਕਾਰ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੈਂ ਬਸਤੀ ਸੈਦਪੁਰ ਦਾ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਉਣ ਲਈ ਵਚਨਬੱਧ ਹਾਂ ਜਿਸ ਲਈ ਰਾਸ਼ੀ ਵੀ ਮਨਜ਼ੂਰ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਉਸ ਸਬੰਧਿਤ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰਵਾਉਣਗੇ | ਉਨ੍ਹਾਂ ਕਿਹਾ ਕਿ ਕੁੱਝ ਲੋਕ ਜਾਣ ਬੁਝ ਕੇ ਪਿੰਡ ਦੇ ਵਿਕਾਸ 'ਚ ਰੋੜਾ ਅਟਕਾਉਣਾ ਚਾਹੁੰਦੇ ਹਨ |