ਲਾਅ ਗੇਟ ਨੇੜੇ ਨਿੱਜੀ ਪੀਜੀ ’ਚ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਵਲੋਂ ਜਾਂਚ ਜਾਰੀ
ਫਗਵਾੜਾ, 11 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ 21 ਸਾਲਾ ਵਿਦਿਆਰਥੀ ਵਲੋਂ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ | ਇਹ ਲਾਸ਼ 10 ਤੇ 11 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਯੂਨੀਵਰਸਿਟੀ ਨੇੜੇ ਮਹੇੜੂ ਦੇ ਲਾਅ ਗੇਟ ਇਲਾਕੇ ‘ਚ ਸਥਿਤ ਇਕ ਨਿੱਜੀ ਪੇਇੰਗ ਗੈਸਟ (ਪੀਜੀ) ‘ਚੋਂ ਮਿਲੀ | ਮਿ੍ਤਕ ਦੀ ਪਛਾਣ ਅਭਿਸ਼ੇਕ ਪਟੇਲ ਪੁੱਤਰ ਸਿਆ ਰਾਮ ਪਟੇਲ ਵਾਸੀ ਚੰਦਾਪੁਰ ਜ਼ਿਲ੍ਹਾ ਬਨਾਰਸ ਉੱਤਰ ਪ੍ਰਦੇਸ਼ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਵਿਦਿਆਰਥੀ ਦੀ ਲਾਸ਼ ਲਾਅ ਗੇਟ ਇਲਾਕੇ ‘ਚ ਸਥਿਤ ਤੇਜ ਪੀਜੀ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ | ਜਾਣਕਾਰੀ ਅਨੁਸਾਰ ਵਿਦਿਆਰਥੀ ਵਲੋਂ ਨਿੱਜੀ ਸਮੱਸਿਆਵਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ | ਹਾਲਾਂਕਿ, ਪੁਲਿਸ ਵਲੋਂ ਮੌਤ ਦੇ ਅਸਲ ਕਾਰਨਾਂ ਤੇ ਹੋਰ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਨੌਜਵਾਨ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਸੀ | ਪੁਲਿਸ ਵਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਣ ਉਪਰੰਤ ਲਾਸ਼ ਪੋਸਟ ਮਾਰਟਮ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |