ਸੁਲਤਾਨਪੁਰ ਲੋਧੀ, 29 ਜਨਵਰੀ (ਥਿੰਦ)- ਐਂਟੀ ਡਰੱਗ ਕਲੱਬ ਦੁਆਬਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਤੇ ਉਨ੍ਹਾਂ ਦਾ ਮਨੋਬਲ ਉੱਚਾ ਕਰਨ ਲਈ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਖੇ ਐਮ.ਡੀ. ਸੁਖਦੇਵ ਸਿੰਘ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਨੀਤਾ ਧੀਰ, ਨੀਲਮ, ਅਨਮੋਲ ਮਾਨ ਤੇ ਉਂਕਾਰ ਸਿੰਘ ਨੇ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣਾ ਚਾਹੁੰਦੀਆਂ ਹਨ ਪਰ ਸਾਨੂੰ ਉਨ੍ਹਾਂ ਤਾਕਤਾਂ ਦੀ ਪਹਿਚਾਣ ਕਰਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਨੇ ਕਿਹਾ ਕਿ ਤੁਹਾਡੇ ਹੱਥ ਮੌਕਾ ਹੈ ਕਿ ਤੁਸੀਂ ਸਖ਼ਤ ਮਿਹਨਤ ਕਰਕੇ ਦੇਸ਼ ਤੇ ਸਮਾਜ ਦੀ ਸੇਵਾ ਕਰਦਿਆਂ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੋ | ਉਨ੍ਹਾਂ ਨੇ ਕਿਹਾ ਕਿ ਇਨਸਾਨ ਨੂੰ ਇਹ ਵਡਮੁੱਲਾ ਜੀਵਨ ਜ਼ਿੰਦਗੀ 'ਚ ਇਕ ਵਾਰ ਹੀ ਮਿਲਦਾ ਹੈ | ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਯੋਧਿਆਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ | ਇਹ ਸਾਡੇ ਪੰਜਾਬੀਆਂ ਦੀ ਪਰੰਪਰਾ ਹੈ ਪਰ ਇਸ ਪਰੰਪਰਾ ਨੂੰ ਤਹਿਸ ਨਹਿਸ ਕਰਨ ਲਈ ਕੁੱਝ ਮਾੜੀ ਨੀਅਤ ਵਾਲ਼ੇ ਲੋਕ ਪੰਜਾਬ ਦੀ ਜਵਾਨੀ ਨੂੰ ਗ਼ਲਤ ਪਾਸੇ ਲਾਉਣਾ ਚਾਹੁੰਦੇ ਹਨ, ਸਾਨੂੰ ਇਸ ਦਾ ਟਾਕਰਾ ਕਰਨਾ ਚਾਹੀਦਾ ਹੈ | ਪਿ੍ੰਸੀਪਲ ਮੋਨਾ ਘਈ ਨੇ ਐਂਟੀ ਡਰੱਗ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟ ਦੇ ਐਮ.ਡੀ. ਸੁਖਦੇਵ ਸਿੰਘ ਜੱਜ, ਚੇਅਰਮੈਨ ਕੁਲਵਿੰਦਰ ਸਿੰਘ ਜੱਜ, ਸਾਜਲ, ਗੀਤਾਂਜਲੀ, ਅਨਮੋਲ ਆਦਿ ਹਾਜ਼ਰ ਸਨ |