ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)- ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ (ਡੀ.ਪੀ.ਆਈ.) ਪੰਜਾਬ ਨੇ ਜ਼ਿਲ੍ਹਾ ਕਪੂਰਥਲਾ ਦੇ ਅੰਮਿ੍ਤਪੁਰ-ਰਾਜੇਵਾਲ ਹਾਈ ਸਕੂਲ ਦੇ ਗਣਿਤ ਅਧਿਆਪਕ ਸੁਰਿੰਦਰ ਸਿੰਘ ਦੀ ਪ੍ਰਤੀ ਬੇਨਤੀ 'ਤੇ ਉਨ੍ਹਾਂ ਨੂੰ ਪੈਂਡਿੰਗ ਪੜਤਾਲ ਦੇ ਡਿਊਟੀ 'ਤੇ ਤੁਰੰਤ ਹਾਜ਼ਰ ਕਰਵਾਉਣ ਸਬੰਧੀ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੇ ਦਫ਼ਤਰ ਨੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਇਨ ਬਿਨ ਯਕੀਨੀ ਬਣਾ ਕੇ ਸਬੰਧਿਤ ਅਧਿਆਪਕ ਨੂੰ ਡਿਊਟੀ 'ਤੇ ਹਾਜ਼ਰ ਕਰਵਾ ਕੇ ਉਸ ਦੀ ਰਿਪੋਰਟ ਦਫ਼ਤਰ ਨੂੰ ਭੇਜੀ ਜਾਵੇ | ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿਚ ਕਿਸੇ ਵੀ ਕਿਸਮ ਦੀ ਦੇਰੀ ਜਾਂ ਅਣਗਹਿਲੀ ਦੀ ਜ਼ਿੰਮੇਵਾਰੀ ਨਿਰੋਲ ਸਕੂਲ ਮੁਖੀ ਦੀ ਹੋਵੇਗੀ | ਵਰਨਣਯੋਗ ਹੈ ਕਿ ਡੈਮੋਕਰੈਟਿਕ ਟੀਚਰ ਫ਼ਰੰਟ, ਇਲਾਕੇ ਦੀਆਂ ਤਿੰਨ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨ ਮਜ਼ਦੂਰ ਤੇ ਹੋਰ ਭਰਾਤਰੀ ਜਥੇਬੰਦੀਆਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਬੀਤੀ 27 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਪ੍ਰਸ਼ਾਸਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਧਿਆਪਕ ਸੁਰਿੰਦਰਪਾਲ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਨਾ ਕਰਵਾਇਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਸਬੰਧਿਤ ਸਕੂਲ ਮੁਖੀ ਵਲੋਂ ਅਧਿਆਪਕ ਨੂੰ ਬੀਤੀ 12 ਦਸੰਬਰ ਤੋਂ ਡਿਊਟੀ 'ਤੇ ਅਣ-ਅਧਿਕਾਰਤ ਤੌਰ 'ਤੇ ਹਾਜ਼ਰ ਨਾ ਕਰਵਾਉਣ ਤੇ ਡੀ.ਟੀ.ਐਫ. ਤੇ ਹੋਰ ਜਥੇਬੰਦੀਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਮੂਹਰੇ ਦਿੱਤੇ ਗਏ ਧਰਨੇ ਦਾ ਮਾਮਲਾ ਜਦੋਂ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਰੁਪਿੰਦਰ ਗਿੱਲ ਜੰਡਿਆਲੀ, ਗੁਰਪਿਆਰ ਕੋਟਲੀ, ਨਰਿੰਦਰ ਭੰਡਾਰੀ, ਸੁਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਨਾਲ ਲੈ ਕੇ ਡੀ.ਪੀ.ਆਈ. ਸੈਕੰਡਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਜਾ ਕੇ ਗੱਲਬਾਤ ਕੀਤੀ | ਅਧਿਆਪਕ ਆਗੂਆਂ ਨੇ ਡੀ.ਪੀ.ਆਈ. ਨੂੰ ਸਮੇਤ ਸਬੂਤਾਂ ਦੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਪੀ.ਆਈ. ਸੈਕੰਡਰੀ ਨੇ ਅਧਿਆਪਕ ਸੁਰਿੰਦਰ ਸਿੰਘ ਨੂੰ ਪੈਂਡਿੰਗ ਪੜਤਾਲ 'ਤੇ ਤੁਰੰਤ ਡਿਊਟੀ 'ਤੇ ਹਾਜ਼ਰ ਕਰਵਾਉਣ ਲਈ ਲਿਖਤੀ ਹੁਕਮ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸੰਬੰਧੀ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੀ ਹਦਾਇਤ ਕੀਤੀ | ਅਧਿਆਪਕ ਆਗੂ ਹਰਵਿੰਦਰ ਸਿੰਘ ਅੱਲੂਵਾਲ ਨੇ 'ਅਜੀਤ' ਨੂੰ ਦੱਸਿਆ ਕਿ ਅਧਿਆਪਕ ਸੁਰਿੰਦਰਪਾਲ ਸਿੰਘ ਬੀਤੀ 12 ਦਸੰਬਰ ਤੋਂ ਸਕੂਲ ਵਿਚ ਹਾਜ਼ਰ ਹੋਣ ਦੇ ਨਾਲ-ਨਾਲ ਉਨ੍ਹਾਂ ਵਿਭਾਗੀ ਡਿਊਟੀਆਂ ਵੀ ਦਿੱਤੀਆਂ ਤੇ ਵਾਰ-ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਵੀ ਸਕੂਲ ਮੁਖੀ ਨੇ ਉਸ ਨੂੰ ਡਿਊਟੀ 'ਤੇ ਹਾਜ਼ਰ ਨਹੀਂ ਕਰਵਾਇਆ | ਬਾਅਦ ਵਿਚ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਡੈਮੋਕਰੈਟਿਕ ਟੀਚਰ ਫ਼ਰੰਟ ਦੇ ਆਗੂਆਂ ਨੇ ਸਕੂਲ ਮੁਖੀ ਨੂੰ ਮਿਲ ਕੇ ਕਿਹਾ ਕਿ ਅਧਿਆਪਕ ਸੁਰਿੰਦਰ ਸਿੰਘ ਨੂੰ ਡਿਊਟੀ 'ਤੇ ਹਾਜ਼ਰ ਕਰਵਾਇਆ ਜਾਵੇ ਪਰ ਸਕੂਲ ਮੁਖੀ ਵਲੋਂ ਅਧਿਆਪਕ ਨੂੰ ਡਿਊਟੀ 'ਤੇ ਹਾਜ਼ਰ ਕਰਵਾਉਣ ਦੀ ਬਜਾਏ ਉਸ ਦੀ ਸਕੂਲ ਵਿਚੋਂ ਗੈਰ-ਹਾਜ਼ਰੀ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ | ਅਧਿਆਪਕ ਆਗੂ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਪੜਤਾਲ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਅਗਲੇਰੀ ਕਾਰਵਾਈ ਲਈ ਪੱਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਨੂੰ ਭੇਜ ਦਿੱਤਾ ਜਿਸ ਪਿੱਛੋਂ ਰੋਹ ਵਿਚ ਆਏ ਤਿੰਨ ਪਿੰਡਾਂ ਦੀਆਂ ਪੰਚਾਇਤਾਂ, ਅਧਿਆਪਕ ਤੇ ਹੋਰ ਭਰਾਤਰੀ ਜਥੇਬੰਦੀਆਂ ਧਰਨਾ ਲਾਉਣ ਲਈ ਮਜਬੂਰ ਹੋਈਆਂ | ਹਰਵਿੰਦਰ ਸਿੰਘ ਅੱਲੂਵਾਲ ਨੇ ਕਿਹਾ ਕਿ ਡੀ.ਪੀ.ਆਈ. ਨੇ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਜਿਹੜਾ ਵੀ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |