ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦੀ ਸਥਾਪਨਾ ਦਿਵਸ ਤੇ ਆਗਾਮੀ ਪ੍ਰੀਖਿਆਵਾਂ ਵਿਚ ਬੱਚਿਆਂ ਦੇ ਵਧੀਆ ਨਤੀਜੇ ਲਈ ਗਿਆਨ ਪ੍ਰਕਾਸ਼ਨ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਤੋਂ ਬਾਅਦ ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜੀਤ ਸਿੰਘ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਤੇ ਸੁਲਤਾਨਪੁਰ ਲੋਧੀ, ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਤੇ ਸ੍ਰੀ ਨਨਕਾਨਾ ਸਾਹਿਬ ਖ਼ਾਲਸਾ ਹਾਈ ਸਕੂਲ ਦੇ ਫਾਉਂਡਰ ਸਵ. ਸਰਦਾਰ ਆਤਮਾ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਵਿਚ ਭਾਈ ਅਮਰਜੀਤ ਸਿੰਘ ਸੈਫਲਾਬਾਦ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਗੁਰੂ ਨਾਨਕ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਸਕੂਲ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਤੇ ਪਿ੍ੰਸੀਪਲ ਡਿੰਪਲ ਸ਼ਰਮਾ ਤੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਦਸਮਪਿਤਾ ਦੇ ਜੀਵਨ ਸਬੰਧੀ ਕਵਿਤਾ ਗਾਇਣ ਕੀਤੀ | ਇਸ ਮੌਕੇ ਬਾਣੀ ਕੰਠ, ਲੇਖ, ਦਸਤਾਰ ਸਜਾਉਣ ਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ ਤੇ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਈ ਅਮਰਜੀਤ ਸਿੰਘ ਸੈਫਲਾਬਾਦ ਤੇ ਹੋਰ ਸ਼ਖਸੀਅਤਾਂ ਨੇ ਸਨਮਾਨਿਤ ਕੀਤਾ | ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਵ. ਆਤਮਾ ਸਿੰਘ ਨੇ ਇਲਾਕੇ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਜਿਹੜੇ ਵਿੱਦਿਆ ਦੇ ਮੰਦਿਰ ਖੋਲ੍ਹੇ ਹਨ, ਉਹ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਰਾਖੀ ਕਰ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ | ਸਕੂਲ ਪਿ੍ੰਸੀਪਲ ਡਿੰਪਲ ਸ਼ਰਮਾ ਨੇ ਸਮਾਗਮ 'ਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿਮਾਨਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |