ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਜਮਨਾ ਦਾਸ, ਰਿਟਾਇਰਡ ਇੰਸਪੈਕਟਰ (ਕੋਆਪਰੇਟਿਵ ਮਹਿਕਮਾ) ਦੀ ਮੌਤ 26 ਜਨਵਰੀ 2026 ਨੂੰ ਹੋ ਗਈ ਸੀ ਤੇ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਹੀ ਇੱਛਾ ਜਤਾਈ ਸੀ ਕਿ ਮੌਤ ਉਪਰੰਤ ਉਨ੍ਹਾਂ ਦੀ ਮਿ੍ਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਸੌਂਪੀ ਜਾਵੇ | ਉਨ੍ਹਾਂ ਦੀ ਇਸ ਇੱਛਾ ਦਾ ਸਤਿਕਾਰ ਕਰਦਿਆਂ ਅੱਜ ਪੂਰੇ ਪਰਿਵਾਰ, ਸਕੇ ਸੰਬੰਧੀਆਂ ਤੇ ਤਰਕਸ਼ੀਲ ਸੁਸਾਇਟੀ ਦੇ ਸਾਥੀਆਂ ਵਲੋਂ ਮਿ੍ਤਕ ਦੇਹ ਪੀ.ਆਈ.ਐਮ.ਐਸ. ਮੈਡੀਕਲ ਕਾਲਜ ਜਲੰਧਰ ਵਿਖੇ ਮੈਡੀਕਲ ਖੋਜ ਲਈ ਪ੍ਰਦਾਨ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਬੇਟੇ ਚਰਨਜੀਤ ਬਿੱਲਾ ਨੇ ਕਿਹਾ ਕਿ ਪਰਿਵਾਰ ਨੇ ਪਿਤਾ ਜੀ ਦੀ ਵਿਗਿਆਨਕ ਸੋਚ ਤੇ ਮਨੁੱਖਤਾ ਭਲਾਈ ਲਈ ਕੀਤੀ ਇੱਛਾ ਨੂੰ ਮਾਣ ਨਾਲ ਪੂਰਾ ਕੀਤਾ ਹੈ ਤਾਂ ਜੋ ਮੈਡੀਕਲ ਖੇਤਰ 'ਚ ਖੋਜ ਕਾਰਜਾਂ ਨੂੰ ਮਦਦ ਮਿਲ ਸਕੇ | ਤਰਕਸ਼ੀਲ ਸੁਸਾਇਟੀ ਦੇ ਆਗੂ ਜਸਵਿੰਦਰ ਫਗਵਾੜਾ, ਅਸ਼ੋਕ ਖੇੜਾ, ਅਜੇ ਕੁਮਾਰ (ਬਾਮਸੇਫ਼ ਆਗੂ) ਤੇ ਸੁਖਦੇਵ ਫਗਵਾੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਵਾਇਤੀ ਸੰਸਕਾਰਾਂ ਤੋਂ ਉੱਪਰ ਉੱਠ ਕੇ ਮਿ੍ਤਕ ਦੇਹ ਮੈਡੀਕਲ ਖੋਜ ਲਈ ਦੇਣਾ ਵੱਡੀ ਤੇ ਚੰਗੀ ਸੋਚ ਦੀ ਨਿਸ਼ਾਨੀ ਹੈ | ਜ਼ਿਕਰਯੋਗ ਹੈ ਕਿ ਲਗਭਗ 20 ਦਿਨ ਪਹਿਲਾਂ ਜਮਨਾ ਦਾਸ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਮਿ੍ਤਕ ਦੇਹ ਵੀ ਪੀ.ਆਈ.ਐਮ.ਐਸ. ਜਲੰਧਰ ਨੂੰ ਮੈਡੀਕਲ ਖੋਜ ਲਈ ਪ੍ਰਦਾਨ ਕੀਤੀ ਗਈ ਸੀ | ਜਮਨਾ ਦਾਸ ਦਾ ਸਤਿਕਾਰ ਸਮਾਗਮ 7 ਫਰਵਰੀ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਉੱਚਾ ਪਿੰਡ, ਫਗਵਾੜਾ ਵਿਖੇ ਕਰਵਾਇਆ ਜਾਵੇਗਾ |