ਕਾਲਾ ਸੰਘਿਆਂ, 22 ਜਨਵਰੀ (ਬਲਜੀਤ ਸਿੰਘ ਸੰਘਾ)-ਗੁਰਦੁਆਰਾ ਬਾਬਾ ਗਲੀਆ ਜੀ ਪ੍ਰਬੰਧਕ ਕਮੇਟੀ ਪਿੰਡ ਨਿੱਝਰਾਂ ਵੱਲੋਂ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖ ਕੇ 7ਵਾਂ ਮਹਾਨ ਕੀਰਤਨ 26 ਜਨਵਰੀ, ਦਿਨ ਸੋਮਵਾਰ ਨੂੰ ਪਿੰਡ ਨਿੱਝਰਾਂ ਤੋਂ ਸਵੇਰੇ 9 ਵਜੇ ਆਰੰਭ ਕੀਤਾ ਜਾ ਰਿਹਾ ਹੈ, ਜੋ ਕਿ ਇਲਾਕੇ ਦੇ ਵੱਖ-ਵੱਖ 9 ਪਿੰਡਾਂ ਲੱਲੀਆਂ ਕਲਾਂ, ਬਸ਼ੇਸਰਪੁਰ, ਰਸੂਲਪੁਰ ਕਲਾਂ, ਕੁਰਾਲੀ, ਪੁਵਾਰਾਂ, ਗੋਨਾ ਚੱਕ, ਆਲੀ ਚੱਕ, ਕੁਹਾਲਾ ਤੇ ਗੋਬਿੰਦਪੁਰ ਤੱਕ ਦੀ ਪ੍ਰਕਰਮਾ ਕਰਕੇ ਵਾਪਸ ਗੁਰੂ ਘਰ ਪੁੱਜ ਕੇ ਸੰਪੰਨ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਪ੍ਰਧਾਨ ਤਜਿੰਦਰ ਸਿੰਘ ਨਿੱਝਰ ਤੇ ਖ਼ਜ਼ਾਨਚੀ ਦਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਦੇ ਸੰਦਰਭ ਵਿਚ ਪ੍ਰਭਾਤ ਫੇਰੀਆਂ ਦਾ ਪ੍ਰਵਾਹ 25 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਅੰਮਿ੍ਤ ਵੇਲੇ ਜਥੇ ਵੱਲੋਂ ਪਿੰਡ ਦੀ ਪਰਿਕਰਮਾ ਕਰਕੇ ਗੁਰੂ ਜੱਸ ਗਾਇਣ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਨਗਰ ਕੀਰਤਨ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਲਵਪ੍ਰੀਤ ਸਿੰਘ ਜੋਸ਼ ਅੰਮਿ੍ਤਸਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਬਲਬੀਰ ਸਿੰਘ ਗੁਰ ਸ਼ਬਦ ਪ੍ਰਚਾਰਕ ਜਥਾ ਗੁਰਬਾਣੀ ਤੇ ਗੁਰ ਇਤਿਹਾਸ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਜਦਕਿ 27 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਜਾ ਰਹੇ ਦੀਵਾਨ ਵਿਚ ਗਿਆਨੀ ਹਰਨੇਕ ਸਿੰਘ ਬੁਲੰਦਾ ਦਾ ਜਥਾ ਗੁਰੂ ਜੱਸ ਗਾਇਣ ਕਰੇਗਾ | ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ | ਉਨ੍ਹਾਂ ਨੇ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈਜ਼ ਨੂੰ ਇਹਨਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ |