ਨਡਾਲਾ, 20 ਜਨਵਰੀ (ਰਘਬਿੰਦਰ ਸਿੰਘ)-ਕਸਬਾ ਨਡਾਲਾ ਦੇ ਭੀੜ ਭਾੜ ਵਾਲੇ ਇਲਾਕੇ, ਮੇਨ ਅੱਡਾ ਢਿਲਵਾਂ ਰੋਡ ਤੇ ਸਥਿਤ ਮੋਹਨ ਸਿੰਘ ਫ਼ਰਨੀਚਰ ਹਾਊਸ ਦੇ ਸਾਹਮਣੇ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰ ਸਾਈਕਲ ਚੋਰੀ ਹੋ ਗਿਆ, ਜਿਸ ਦੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਜਾਣਕਾਰੀ ਦਿੰਦਿਆਂ ਅੱਡਾ ਨਡਾਲਾ ਵਾਸੀ ਗੁਰਦੇਵਜੀਤ ਸਿੰਘ ਕੰਗ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਆਪਣਾ ਸਪਲੈਂਡਰ ਮੋਟਰਸਾਈਕਲ ਪੀਬੀ 09 ਜੇ 6477 ਆਪਣੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ | ਜਦੋਂ ਸ਼ਾਮ ਸਾਢੇ 7 ਵਜੇ ਦੇ ਕਰੀਬ ਮੋਟਰਸਾਈਕਲ ਨੂੰ ਘਰ ਦੇ ਅੰਦਰ ਕਰਨ ਲਈ ਆਏ ਤਾਂ ਦੇਖਿਆ ਕਿ ਮੋਟਰਸਾਈਕਲ ਉੱਥੇ ਨਹੀਂ ਸੀ, ਜਦੋਂ ਨੇੜਲੇ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਇਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |