22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਲਈ ਜ਼ਿਲ੍ਹੇ ਵਿਚ 31 ਮਈ ਤੱਕ ਰੀਚਾਰਜ ਸਿਸਟਮ ਸਥਾਪਿਤ ਕੀਤਾ ਜਾਵੇਗਾ-ਅਮਿਤ ਕੁਮਾਰ ਪੰਚਾਲ

ਅਜੀਤ ਡੈਸਕ 21-01-2026
ਕਪੂਰਥਲਾ, 20 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸਾਂਭ ਸੰਭਾਲ ਲਈ 31 ਮਈ ਤੱਕ ਰੀਚਾਰਜ ਸਿਸਟਮ ਸਥਾਪਿਤ ਕਰਨ ਦਾ ਟੀਚਾ ਮਿਥਿਆ ਗਿਆ ਹੈ | ਇਸ ਸਮੇਂ ਦੌਰਾਨ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਬਾਰੇ ਜਾਗਰੂਕ ਕੀਤਾ ਜਾਵੇਗਾ | ਇਹ ਗੱਲ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਬਾਰੇ ਜ਼ਿਲ੍ਹੇ ਜ਼ਿਲ੍ਹੇ ਵਿਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਵਲੋਂ ਪਿੰਡ ਪੱਧਰ 'ਤੇ ਫੀਜ਼ੀਬਿਲਟੀ ਮੈਪ (ਸੰਭਾਵਨਾ ਨਕਸ਼ੇ) ਤਿਆਰ ਕੀਤੇ ਗਏ ਹਨ ਤਾਂ ਜੋ ਸਹੀ ਥਾਵਾਂ 'ਤੇ ਰੀਚਾਰਜ ਸਿਸਟਮ ਲਗਾਏ ਜਾ ਸਕਣ | ਨਡਾਲਾ ਤੇ ਬੇਗੋਵਾਲ ਵਰਗੇ ਕਸਬਿਆਂ ਵਿਚ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰੀ ਭੂ ਜਲ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਚਿੰਤਾ ਜਨਕ ਹੈ ਤੇ ਜ਼ਿਲ੍ਹੇ ਦੇ 5 ਪ੍ਰਸ਼ਾਸਨਿਕ ਬਲਾਕ ਢਿਲਵਾਂ, ਕਪੂਰਥਲਾ, ਨਡਾਲਾ, ਫਗਵਾੜਾ ਤੇ ਸੁਲਤਾਨਪੁਰ ਲੋਧੀ ਨੂੰ ਓਵਰ ਐਕਸਪਲੋਇਟਡ (ਅਤਿ ਸ਼ੋਸ਼ਿਤ) ਐਲਾਨਿਆ ਗਿਆ ਹੈ | ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਪਾਣੀ ਪੱਧਰ ਹਰ ਸਾਲ 1.09 ਤੋਂ 1.46 ਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ | ਉਨ੍ਹਾਂ ਜਲ ਸੰਚੇ ਜਨ ਭਾਗੀਦਾਰੀ ਮੁਹਿੰਮ ਤਹਿਤ ਪਾਣੀ ਦੇ ਮੁੜ ਭਰਨ (ਰੀਚਾਰਜ) ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ | ਇਸ ਲਈ ਸਾਨੂੰ ਪਾਣੀ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨ ਸੰਚੇ ਜਨ ਭਾਗੀਦਾਰੀ ਮੁਹਿੰਮ ਤਹਿਤ ਕਪੂਰਥਲਾ ਵਰਗੇ ਪਾਣੀ ਦੀ ਕਿੱਲਤ ਵਾਲੇ ਜ਼ਿਲਿ੍ਹਆਂ ਲਈ ਸਰਕਾਰ ਵਲੋਂ ਵਿਸ਼ੇਸ਼ ਫ਼ੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨਵੀਆਂ ਹਦਾਇਤਾਂ ਅਨੁਸਾਰ ਮਨਰੇਗਾ ਦੇ 65 ਪ੍ਰਤੀਸ਼ਤ ਫ਼ੰਡ ਹੁਣ ਪਾਣੀ ਦੀ ਸੰਭਾਲ ਤੇ ਰੀਚਾਰਜ ਢਾਂਚੇ ਬਣਾਉਣ ਲਈ ਖ਼ਰਚ ਕੀਤੇ ਜਾਣਗੇ ਤੇ 31 ਮਈ ਤੱਕ ਹਰ ਹਾਲਤ ਵਿਚ ਰੀਚਾਰਜ ਸਿਸਟਮ ਤਿਆਰ ਕੀਤਾ ਜਾਵੇਗਾ | ਮੀਟਿੰਗ ਵਿਚ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ <br/> ਅਗਲੀ ਖ਼ਬਰ ਗਣਤੰਤਰ ਦਿਵਸ 'ਤੇ ਹੋਣ ਵਾਲੇ ਸਮਾਗਮ ਨੂੰ ਸਫਲ ਬਣਾਉਣ ਲਈ ਅਧਿਕਾਰੀ ਡਿਊਟੀ ਤਨਦੇਹੀ ਨਾਲ ਨਿਭਾਉਣ-ਨਵਨੀਤ ਕੌਰ ਬੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।