22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਹੜ੍ਹ ਪੀੜਤ ਮੰਡ ਇਲਾਕੇ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦੋ ਮੋਟਰ ਬੋਟਾਂ ਦਿੱਤੀਆਂ

ਅਜੀਤ ਡੈਸਕ 21-01-2026
ਸੁਲਤਾਨਪੁਰ ਲੋਧੀ, 20 ਜਨਵਰੀ (ਥਿੰਦ)-ਸੁਲਤਾਨਪੁਰ ਲੋਧੀ ਹਲਕੇ ਦੇ ਹੜ੍ਹ ਨਾਲ ਪ੍ਰਭਾਵਿਤ ਮੰਡ ਇਲਾਕੇ ਦੇ ਪਿੰਡ ਰਾਮਪੁਰਾ ਗੋਹਰਾ ਵਿਚ ਬਿਆਸ ਦਰਿਆ ਦੀ ਮਾਰ ਅਜੇ ਤੱਕ ਜਾਰੀ ਹੈ | ਦਰਿਆ ਦੇ ਵਹਾਅ ਕਾਰਨ ਇੱਥੇ ਇੱਕ ਘਰ ਨੂੰ ਅਜੇ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ | ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਦੋ ਮੋਟਰ ਬੋਟਾਂ ਪਿੰਡ ਰਾਮਪੁਰਾ ਗੋਹਰਾ ਅਤੇ ਬਾਊਪੁਰ ਜਦੀਦ ਦੀਆਂ ਪੰਚਾਇਤਾਂ ਨੂੰ ਸੌਂਪੀਆਂ | ਮੋਟਰ ਬੋਟਾਂ ਸੌਂਪਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਮੰਡ ਇਲਾਕੇ ਦੇ ਪਿੰਡਾਂ ਨੂੰ ਪਾਣੀ ਦੀਆਂ ਟੈਂਕੀਆਂ ਤੇ ਮੋਟਰ ਬੋਟਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਆਹਲੀ ਕਲਾਂ ਤੇ ਸਾਂਗਰਾ ਪਿੰਡਾਂ ਨੂੰ ਵੀ ਮੋਟਰ ਬੋਟਾਂ ਦਿੱਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦੇ ਵਹਾਅ ਵਿਚ ਆਏ ਬਦਲਾਅ ਕਾਰਨ ਪਿੰਡ ਰਾਮਪੁਰਾ ਗੋਹਰਾ ਦੇ ਕਰੀਬ 10 ਘਰਾਂ ਨੂੰ ਭਾਰੀ ਢਾਅ ਲੱਗੀ ਸੀ, ਜਦਕਿ ਇੱਕ ਘਰ ਅਜੇ ਵੀ ਦਰਿਆ ਦੀ ਮਾਰ ਹੇਠ ਹੈ | ਦਰਿਆ ਦਾ ਛੂਕਦਾ ਪਾਣੀ ਉਸ ਘਰ ਦੇ ਵਿਹੜੇ ਵਿਚੋਂ ਲੰਘ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਪਿੰਡ ਰਾਮਪੁਰਾ ਗੋਹਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਬਾਊਪੁਰ ਜਦੀਦ ਦੇ ਪੰਚਾਂ ਨੇ ਮੋਟਰ ਬੋਟਾਂ ਮਿਲਣ 'ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ | ਦੋਵੇਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਭ ਤੋਂ ਵੱਧ ਮਦਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਅਤੇ ਅਜੇ ਵੀ ਉਹ ਲਗਾਤਾਰ ਖੇਤਾਂ ਨੂੰ ਪੱਧਰਾ ਕਰਨ ਤੇ ਇਲਾਕੇ ਦੀ ਸੇਵਾ ਵਿਚ ਜੁਟੇ ਹੋਏ ਹਨ | ਮੋਟਰ ਬੋਟਾਂ ਸੌਂਪਣ ਸਮੇਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਨੂੰ ਕਿਸ਼ਤੀਆਂ ਦੇਣਾ ਵੱਡਾ ਸਹਿਯੋਗ ਹੈ¨ਇਸ ਮੌਕੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ |ਫ਼ਸਲਾਂ ਤਬਾਹ ਹੋਣ ਨਾਲ ਨਾਲ ਬੱਚਿਆਂ ਦੀਆਂ ਸਕੂਲੀ ਫ਼ੀਸਾਂ ਦੇਣੀ ਵੀ ਮੁਸ਼ਕਲ ਬਣ ਗਈ ਹੈ | ਸੰਤ ਸੀਚੇਵਾਲ ਨੇ ਦੋ ਬੱਚਿਆਂ ਦੀਆਂ ਪੰਜ ਮਹੀਨਿਆਂ ਦੀ ਸਕੂਲੀ ਫ਼ੀਸ ਅਦਾ ਕਰਦਿਆਂ ਕਿਹਾ ਕਿ ਮੰਡ ਇਲਾਕੇ ਵਿਚ ਅਜੇ ਵੀ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਫ਼ੀਸਾਂ ਲਈ ਸਹਾਇਤਾ ਦੀ ਲੋੜ ਹੈ | ਉਨ੍ਹਾਂ ਪਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹਾਂ ਦੌਰਾਨ ਵੱਡੇ ਪੱਧਰ 'ਤੇ ਮਦਦ ਕੀਤੀ |
ਪਿਛਲੀ ਖ਼ਬਰ ਗਣਤੰਤਰ ਦਿਵਸ 'ਤੇ ਹੋਣ ਵਾਲੇ ਸਮਾਗਮ ਨੂੰ ਸਫਲ ਬਣਾਉਣ ਲਈ ਅਧਿਕਾਰੀ ਡਿਊਟੀ ਤਨਦੇਹੀ ਨਾਲ ਨਿਭਾਉਣ-ਨਵਨੀਤ ਕੌਰ ਬੱਲ ਅਗਲੀ ਖ਼ਬਰ ਭਾਈ ਹਵਾਰਾ, ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ 26 ਨੂੰ ਕੱਢਿਆ ਜਾਵੇਗਾ ਖ਼ਾਲਸਾ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।