ਕਪੂਰਥਲਾ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਸਜ਼ਾ ਪੂਰੀ ਕਰਕੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਜਥੇ. ਜਗਤਾਰ ਸਿੰਘ ਹਵਾਰਾ ਤੇ ਉਨ੍ਹਾਂ ਦੇ ਸਾਥੀਆਂ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜੋ ਆਪਣੇ ਸਾਥੀਆਂ ਸਮੇਤ ਸਰਕਾਰ ਵਲੋਂ ਐਨ.ਐਸ.ਏ. ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ ਦੀ ਰਿਹਾਈ ਦੀ ਮੰਗ ਨੂੰ ਲੈ ਕੇ 26 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 'ਖ਼ਾਲਸਾ ਵਹੀਰ ਬੰਦੀ ਸਿੰਘ ਰਿਹਾਅ ਕਰੋ ਮਾਰਚ' ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਕੱਢਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਖ਼ਾਲਸਾ ਵਹੀਰ, ਅੰਮਿ੍ਤਸਰ ਚੁੰਗੀ, ਨਵਾਂ ਪਿੰਡ ਭੱਠੇ, ਨਵਾਂ ਪਿੰਡ ਗੇਟ ਵਾਲਾ, ਨਾਨਕਪੁਰ, ਭਵਾਨੀਪੁਰ, ਪ੍ਰਵੇਜ਼ ਨਗਰ, ਅਡਣਾਂਵਾਲੀ ਅੱਡਾ, ਖੀਰਾਂਵਾਲੀ, ਉੱਚਾ ਬੇਟ, ਫੱਤੂਢੀਂਗਾ, ਮੁੰਡੀ ਮੋੜ, ਦੰਦੂਪੁਰ, ਨੱਥੂਪੁਰ, ਬੂੜੇਵਾਲ, ਸੂਜੋਕਾਲੀਆ, ਮੰਗੂਪੁਰ, ਨੂਰੋਵਾਲ, ਤਲਵੰਡੀ ਚੌਧਰੀਆਂ, ਪੰਮਣ, ਸ਼ਾਲਾਪੁਰ ਬੇਟ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇਗਾ, ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਖ਼ਾਲਸਾ ਵਹੀਰ ਵਿਚ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਮਹੰਤ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲੇ, ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ | ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਖ਼ਾਲਸਾ ਵਹੀਰ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸ਼ਾਮਲ ਹੋਣਗੀਆਂ | ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ, ਗੱਡੀਆਂ, ਮੋਟਰਸਾਈਕਲ ਲੈ ਕੇ ਖ਼ਾਲਸਾ ਵਹੀਰ ਵਿਚ ਸ਼ਾਮਲ ਹੋਣ |