04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਅਜ਼ਮਾ ਰਹੇ ਕਿਸਮਤ ਅਕਾਲੀ ਦਲ 26, 'ਆਪ' 24, ਭਾਜਪਾ 23, ਕਾਂਗਰਸ 21, ਬਸਪਾ 2 ਵਾਰਡਾਂ 'ਚ ਲੜ ਰਹੀ ਹੈ ਚੋਣ

ਅਜੀਤ ਡੈਸਕ 25-05-2026
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ | ਅੱਜ ਸ਼ਾਮ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ ਅਤੇ 26 ਮਈ ਨੂੰ ਵੋਟਾਂ ਪੈਣੀਆਂ ਹਨ ਜਦਕਿ 29 ਨੂੰ ਗਿਣਤੀ ਹੋਵੇਗੀ | ਕੁੱਲ ਵੋਟਾਂ 66 ਹਜ਼ਾਰ 513 ਹਨ, ਜਿਨ੍ਹਾਂ 'ਚੋਂ 34 ਹਜ਼ਾਰ 848 ਮਰਦ ਅਤੇ 31 ਹਜ਼ਾਰ 665 ਔਰਤ ਵੋਟਰ ਹਨ | ਸਭ ਤੋਂ ਵਧੇਰੇ ਵੋਟਾਂ ਵਾਰਡ ਨੰਬਰ 24 'ਚ ਹਨ ਜਦਕਿ ਸਭ ਤੋਂ ਘੱਟ ਵਾਰਡ ਨੰਬਰ 19 'ਚ ਹਨ | ਪ੍ਰਸ਼ਾਸਨ ਵਲੋਂ ਵੋਟਾਂ ਦੇ ਭੁਗਤਾਨ ਲਈ ਸਾਰੇ ਪ੍ਰਬੰਧ ਮੁਕੰਮਲ ਹਨ | ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ 24 ਵਾਰਡਾਂ 'ਚ ਪਾਰਟੀ ਨਿਸ਼ਾਨ 'ਤੇ ਚੋਣ ਲੜੀ ਜਾ ਰਹੀ ਹੈ ਜਦਕਿ ਸ਼ੋ੍ਰਮਣੀ ਅਕਾਲੀ ਦਲ 26 ਵਾਰਡਾਂ 'ਚ ਉਮੀਦਵਾਰ ਉਤਾਰਨ 'ਚ ਕਾਮਯਾਬ ਹੋਇਆ ਹੈ | ਭਾਜਪਾ ਨੇ 23 ਵਾਰਡਾਂ 'ਚ ਕੈਂਡੀਡੈਟ ਖੜ੍ਹੇ ਕੀਤੇ ਹਨ ਅਤੇ ਕਾਂਗਰਸ ਦੇ 21 ਉਮੀਦਵਾਰ ਚੋਣ ਲੜ ਰਹੇ ਹਨ | ਬਹੁਜਨ ਸਮਾਜ ਪਾਰਟੀ ਵਲੋਂ ਵੀ 2 ਵਾਰਡਾਂ 'ਚ ਚੋਣ ਲੜੀ ਜਾ ਰਹੀ ਹੈ | 24 ਆਜ਼ਾਦ ਉਮੀਦਵਾਰ ਮੈਦਾਨ 'ਚ ਹਨ | ਚੋਣ ਜਿੱਤਣ ਲਈ ਉਮੀਦਵਾਰ ਪੱਬਾਂ ਭਾਰ ਹਨ ਅਤੇ ਉਹ ਸਫਲਤਾ ਲਈ ਹਰ ਹਰਬਾ ਵਰਤਣ ਲੱਗੇ ਹਨ | ਉਮੀਦਵਾਰਾਂ 'ਚ ਨੌਜਵਾਨਾਂ ਦੀ ਬਹੁਗਿਣਤੀ ਹੈ | ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੇਵਾ ਮੁਕਤ ਬੈਂਕ ਮੈਨੇਜਰ ਗੁਰਤੇਜ ਸਿੰਘ ਜਗਰੀ ਸਭ ਤੋਂ ਵੱਡੀ ਉਮਰ ਦੇ ਹਨ | ਉਹ 66 ਸਾਲਾਂ ਦੇ ਹਨ | ਔਰਤ ਉਮੀਦਵਾਰਾਂ ਦੀ ਗਿਣਤੀ ਵੀ ਚੋਖੀ ਹੈ | ਕਈ ਵਾਰਡਾਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਵੀ ਖੜ੍ਹੀਆਂ ਹਨ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ 'ਤੇ ਪਾਇਆ ਕਿ ਪਿਛਲੇ ਦਿਨਾਂ ਤੋਂ ਲਾਲ ਪਰੀ ਦਾ ਬੋਲਬਾਲਾ ਵੀ ਵਧਿਆ ਹੈ | ਕੁਝ ਆਜ਼ਾਦ ਉਮੀਦਵਾਰ ਵੀ ਮਜ਼ਬੂਤ ਸਥਿਤੀ 'ਚ ਹਨ, ਜਿਸ ਕਰ ਕੇ ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਹੋਣ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ | ਰਾਜਸੀ ਧਿਰਾਂ ਦੇ ਸਥਾਨਕ ਆਗੂਆਂ ਦਾ ਵਕਾਰ ਵੀ ਦਾਅ 'ਤੇ ਲੱਗਿਆ ਹੋਇਆ ਹੈ ਅਤੇ ਉਹ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਇਕ ਕਰ ਰਹੇ ਹਨ | ਦੱਸਣਯੋਗ ਹੈ ਕਿ ਆਮ ਆਦਮ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਵੀ ਪ੍ਰਚਾਰ ਕਰ ਗਏ ਹਨ ਜਦਕਿ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਚੁੱਕੇ ਹਨ | ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵੀ ਅੱਜ ਭਾਜਪਾ ਉਮੀਦਵਾਰਾਂ ਦੀ ਸਫਲਤਾ ਲਈ ਚੋਣ ਇਕੱਠਾਂ ਨੂੰ ਸੰਬੋਧਨ ਕੀਤਾ | ਸਾਰੀਆਂ ਰਾਜਸੀ ਧਿਰਾਂ ਬਹੁਮਤ ਹਾਸਲ ਕਰਨ ਦੇ ਦਾਅਵੇ ਕਰ ਰਹੀਆਂ ਹਨ ਪਰ ਵੋਟਰ ਖ਼ਾਮੋਸ਼ ਹਨ ਅਤੇ ਉਹ ਸਾਰੇ ਉਮੀਦਵਾਰਾਂ ਨੂੰ ਹਾਂ-ਪੱਖੀ ਹੁੰਗਾਰਾ ਦਿੰਦੇ ਹਨ | ਇਹ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ 'ਚ ਹੋਵੇਗਾ?
ਡੀ.ਆਈ. ਜੀ. (ਇੰਟੈਲੀਜੈਂਸ) ਸੁਖਵੰਤ ਸਿੰਘ ਗਿੱਲ ਆਬਜ਼ਰਵਰ ਤਾਇਨਾਤ
ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਅਮਨ-ਅਮਾਨ, ਨਿਰਪੱਖ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸੁਖਵੰਤ ਸਿੰਘ ਗਿੱਲ ਡੀ.ਆਈ.ਜੀ. (ਇੰਟੈਲੀਜੈਂਸ) ਨੂੰ ਬਠਿੰਡਾ ਰੇਂਜ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ | ਉਹ ਅੱਜ ਮਾਨਸਾ ਵਿਖੇ ਪਹੁੰਚੇ ਸਨ | ਉਹ ਜ਼ਿਲ੍ਹੇ ਅੰਦਰ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰਨਗੇ | ਪੁਲਿਸ ਆਬਜ਼ਰਵਰ ਦੀ ਦੇਖ-ਰੇਖ ਹੇਠ ਜ਼ਿਲ੍ਹੇ 'ਚ ਸੰਵੇਦਨਸ਼ੀਲ ਇਲਾਕਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਚੋਣਾਂ ਸਬੰਧੀ ਕੋਈ ਵੀ ਨਾਗਰਿਕ ਉਨ੍ਹਾਂ ਦੇ ਮੋਬਾਈਲ ਨੰਬਰ 88375-45532 'ਤੇ ਸੰਪਰਕ ਕਰ ਸਕਦਾ ਹੈ |
ਪੋਲਿੰਗ ਸਟਾਫ਼ ਦੀ ਤੀਜੀ ਰੈਂਡਮਾਈਜੇਸ਼ਨ ਪ੍ਰਕਿਰਿਆ ਹੋਈ ਪੂਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਮਰਪ੍ਰੀਤ ਕੌਰ ਦੀ ਹਾਜ਼ਰੀ 'ਚ ਪੋਲਿੰਗ ਸਟਾਫ਼ ਦੀ ਤੀਜੀ ਅਤੇ ਆਖ਼ਰੀ ਰੈਂਡਮਾਈਜੇਸ਼ਨ ਦੀ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਨਗਰ ਕੌਂਸਲ ਮਾਨਸਾ ਦੇ 27, ਨਗਰ ਕੌਂਸਲ ਬੁਢਲਾਡਾ ਦੇ 19, ਨਗਰ ਕੌਂਸਲ ਬਰੇਟਾ ਦੇ 13, ਨਗਰ ਪੰਚਾਇਤ ਜੋਗਾ ਦੇ 13 ਅਤੇ ਨਗਰ ਪੰਚਾਇਤ ਬੋਹਾ ਦੇ 13 ਵਾਰਡਾਂ 'ਚ ਵੋਟਾਂ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ |
ਪਿਛਲੀ ਖ਼ਬਰ ਬਰੇਟਾ ਦੇ 13 ਵਾਰਡਾਂ 'ਚ ਉਮੀਦਵਾਰ ਜਿੱਤ ਹਾਸਿਲ ਕਰਨ ਲਈ ਪੱਬਾਂ ਭਾਰ <br/> ਅਗਲੀ ਖ਼ਬਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਨੂੰ ਲੱਡੂਆਂ, ਕੇਲਿਆਂ ਤੇ ਡਰਾਈ ਫਰੂਟ ਨਾਲ ਤੋਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।