ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ 'ਤੇ ਗਏ ਸਫ਼ਾਈ ਕਾਮਿਆਂ ਨੇ ਦੂਸਰੇ ਦਿਨ ਵੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ | ਹੜਤਾਲ ਕਾਰਨ ਜ਼ਿਲੇ ਦੇ ਸ਼ਹਿਰਾਂ/ਕਸਬਿਆਂ 'ਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ | ਸਥਾਨਕ ਸ਼ਹਿਰ 'ਚ ਰੋਸ ਮਾਰਚ ਕੱਢਣ ਉਪਰੰਤ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਉਹ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਤੇ ਅਧਿਕਾਰੀ ਭਰੋਸਾ ਦੇਣ ਤੱਕ ਹੀ ਸੀਮਤ ਰਹਿੰਦੇ ਹਨ | ਯੂਨੀਅਨ ਆਗੂ ਪਰਵੀਨ ਕੁਮਾਰ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਉਨਾਂ ਮੰਗ ਕੀਤੀ ਕਿ ਕੱਚੇ ਸਫ਼ਾਈ ਸੇਵਕਾਂ, ਸੀਵਰਮੈਨਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣ | ਨਗਰ ਕੌਂਸਲ ਬੁਢਲਾਡਾ, ਸਰਦੂਲਗੜ, ਨਗਰ ਪੰਚਾਇਤ ਭੀਖੀ ਤੇ ਜੋਗਾ ਦੇ ਕਰਮਚਾਰੀਆਂ ਨੇ ਵੀ ਹੜਤਾਲ ਦੇ ਚੱਲਦਿਆਂ ਰੋਸ ਪ੍ਰਗਟਾਇਆ |
ਬਰੇਟਾ 'ਚ ਵੀ ਸਫ਼ਾਈ ਸੇਵਕਾਂ ਵਲੋਂ ਨਾਅਰੇਬਾਜ਼ੀ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਸਥਾਨਕ ਸਫ਼ਾਈ ਸੇਵਕ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਪ੍ਰਧਾਨ ਸਤੀਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਵਾਰ-ਵਾਰ ਮੰਗਾਂ ਮੰਨਣ ਦੀ ਗੱਲ ਆਖੀ ਗਈ ਪਰ ਕੋਈ ਮਸਲਾ ਹੱਲ ਨਹੀਂ ਹੋਇਆ | ਉਨਾਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ ਸਾਰੀਆਂ ਮੰਗਾਂ ਮੰਨੀਆਂ ਜਾਣ | ਯੂਨੀਅਨ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ | ਇਸ ਮੌਕੇ ਗੁਰਪ੍ਰੀਤ ਸਿੰਘ ਬਰੇਟਾ, ਰਵੀ ਸਿੰਘ, ਜਗਦੀਪ ਸਿੰਘ, ਜੋਸ਼ੀ ਸਿੰਘ, ਬਿੱਟੂ ਸਿੰਘ ਆਦਿ ਹਾਜ਼ਰ ਸਨ |
ਸਫ਼ਾਈ ਕਾਮਿਆਂ ਨੇ ਦੂਸਰੇ ਦਿਨ ਵੀ ਹੜਤਾਲ ਰੱਖ ਕੇ ਰੋਸ ਪ੍ਰਗਟਾਇਆ <br/>
ਅਜੀਤ ਡੈਸਕ
08-05-2026