28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਨਵੀਂ ਬਣ ਰਹੀ ਸੀਮਿੰਟਡ ਸੜਕ ਟੁੱਟਣ ਦਾ ਮਾਮਲਾ ਭਖਿਆ

ਅਜੀਤ ਡੈਸਕ 02-04-2026

ਸੰਘਰਸ਼ ਕਮੇਟੀ ਵਲੋਂ ਘਟੀਆ ਮਟੀਰੀਅਲ ਵਰਤਣ ਦੇ ਦੋਸ਼-ਜਾਂਚ ਦੀ ਮੰਗ
ਮਾਨਸਾ, 1 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੀਮਿੰਟਡ ਸੜਕ ਬਣਨ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ | ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਇਸ ਸੜਕ ਦਾ ਬਣਾਇਆ ਕੁਝ ਹਿੱਸਾ ਥਾਂ ਥਾਂ ਤੋਂ ਟੁੱਟਣ ਲੱਗ ਪਿਆ ਹੈ, ਜਿਸ ਦੀ ਚਰਚਾ ਹੈ ਕਿ ਠੇਕੇਦਾਰ ਵਲੋਂ ਘਟੀਆ ਮਟੀਰੀਅਲ ਵਰਤਣ ਕਰ ਕੇ ਅਜਿਹਾ ਹੋਇਆ ਹੈ | ਇਹ ਰੌਲਾ ਰੱਪਾ ਪੈਂਦਿਆਂ ਹੀ ਸਬੰਧਿਤ ਠੇਕੇਦਾਰ ਵਲੋਂ ਸੜਕ ਦੀ ਮੁੜ ਮੁਰੰਮਤ ਸ਼ੁਰੂ ਕਰਵਾਉਣ ਲਈ ਜੇ.ਸੀ.ਬੀ. ਲਗਾਈ ਹੀ ਗਈ ਸੀ ਤਾਂ 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਮੁੱਦਾ ਸੋਸ਼ਲ ਮੀਡੀਆ 'ਤੇ ਉਠਾਉਂਦਿਆਂ ਠੇਕੇਦਾਰ ਦੇ ਮੁਨਸ਼ੀ ਨੂੰ ਕਈ ਸਵਾਲ ਉਠਾਏ ਅਤੇ ਪੁੱਛਿਆ ਕਿ ਕਿਸ ਅਧਿਕਾਰੀ ਦੀ ਹਦਾਇਤ 'ਤੇ ਇਹ ਕਾਰਜ ਸ਼ੁਰੂ ਕੀਤਾ ਗਿਆ | ਕੰਮ ਮੁੜ ਬੰਦ ਹੋ ਗਿਆ ਅਤੇ ਸੜਕ 'ਤੇ ਘਟੀਆ ਮਟੀਰੀਅਲ ਵਰਤਣ ਦਾ ਮੁੱਦਾ ਹੋਰ ਭਖ ਗਿਆ | ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਦਾ ਕਾਰਜ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ 5 ਨਵੰਬਰ 2025 ਨੂੰ ਟੱਕ ਲਗਾ ਕੇ ਕੀਤਾ ਸੀ | ਇਸੇ ਦੌਰਾਨ ਸੰਘਰਸ਼ ਕਮੇਟੀ ਦੀ ਇਕੱਤਰਤਾ ਹੋਈ | ਕਮੇਟੀ ਆਗੂਆਂ ਨੇ ਦੋਸ਼ ਲਗਾਇਆ ਕਿ ਆਰ.ਸੀ.ਸੀ. ਸੜਕ ਦੀ ਆਮ ਮਿਆਦ 15-20 ਸਾਲ ਹੁੰਦੀ ਹੈ ਪਰ ਡੇਢ ਮਹੀਨੇ ਵਿਚ ਹੀ ਇਸ ਦਾ ਟੁੱਟ ਜਾਣਾ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਕਮੇਟੀ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਘਟੀਆ ਮਟੀਰੀਅਲ ਵਰਤਿਆ ਹੈ | ਉਨ੍ਹਾਂ ਕਿਹਾ ਕਿ ਮੁੱਦਾ ਉਠਾਉਣ 'ਤੇ ਕੁਝ ਥਾਵਾਂ 'ਤੇ ਸੜਕ ਨੂੰ ਤੋੜ ਕੇ ਖੱਡੇ ਬਣਾਏ ਗਏ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਾਂਚ ਕਰ ਕੇ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਵੀਂ ਬਣ ਰਹੀ ਸੜਕ ਨੂੰ ਨਿਯਮਾਂ ਮੁਤਾਬਿਕ ਬਣਾਈ ਜਾਵੇ ਨਾ ਕਿ ਕਿਸੇ ਦਬਾਅ ਹੇਠ ਆ ਕੇ ਉੱਚੀ-ਨੀਵੀਂ ਕੀਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿੱਗਰ ਯੋਗ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਆਗੂਆਂ ਨੇ ਆਖਿਆ ਕਿ ਸ਼ਹਿਰ 'ਚ ਕਈ ਥਾਵਾਂ 'ਤੇ ਸੜਕਾਂ ਨੂੰ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਇਹ ਮੰਗ ਵੀ ਉਠਾਈ ਕਿ ਸ਼ਹਿਰ ਲਈ ਬਣਾਇਆ ਗਿਆ ਮਾਸਟਰ ਪਲਾਨ ਤੁਰੰਤ ਲਾਗੂ ਕੀਤਾ ਜਾਵੇ ਅਤੇ ਸਾਰੇ ਐਂਟਰੀ ਪੁਆਇੰਟ ਠੀਕ ਕੀਤੇ ਜਾਣ | ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ, ਰੁਲਦੂ ਸਿੰਘ ਮਾਨਸਾ, ਐਡਵੋਕੇਟ ਗੁਰਲਾਭ ਸਿੰਘ, ਮਾਨਿਕ ਗੋਇਲ, ਕਿ੍ਸ਼ਨ ਚੌਹਾਨ, ਧੰਨਾ ਮੱਲ ਗੋਇਲ, ਡਾ. ਜਨਕ ਰਾਜ, ਹਰਿੰਦਰ ਸਿੰਘ ਮਾਨਸ਼ਾਹੀਆ, ਮਨਜੀਤ ਸਦਿਉੜਾ, ਅੰਕੁਸ਼ ਜਿੰਦਲ, ਨਛੱਤਰ ਸਿੰਘ ਖੀਵਾ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸ਼ਮੀਰ ਛਾਬੜਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਜਤਿੰਦਰ ਕੁਮਾਰ ਆਗਰਾ, ਮਨਦੀਪ ਸਿੰਘ ਗੋਰਾ, ਰਾਜਵਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਘਰਾਂਗਣਾ ਆਦਿ ਹਾਜ਼ਰ ਸਨ | ਉੱਧਰ ਦੂਸਰੇ ਪਾਸੇ ਠੇਕੇਦਾਰ ਬੇਅੰਤ ਸਿੰਘ ਨੇ ਸੜਕ ਟੁੱਟਣ ਦੀ ਗੱਲ ਕਬੂਲੀ ਅਤੇ ਕਿਹਾ ਕਿ ਜਲਦ ਮੁਰੰਮਤ ਕਰਵਾ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਡੀ.ਸੀ. ਵਲੋਂ ਨਾੜ ਨੂੰ ਅੱਗ ਲਗਾਉਣ ਤੇ ਕੰਬਾਈਨਾਂ ਚਲਾਉਣ ਸੰਬੰਧੀ ਨਵੇਂ ਹੁਕਮ ਜਾਰੀ ਅਗਲੀ ਖ਼ਬਰ ਰਾਜ ਮਿਸਤਰੀਆਂ ਵਲੋਂ ਦਿਹਾੜੀ ਰੇਟਾਂ 'ਚ ਕੀਤੇ ਵਾਧੇ ਖਿਲਾਫ ਸ਼ਹਿਰ ਵਾਸੀਆਂ ਵਲੋਂ ਉਸਾਰੀ ਦੇ ਕੰਮ ਬੰਦ ਰੱਖਣ ਦਾ ਫ਼ੈਸਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।