ਬੁਢਲਾਡਾ, 1 ਅਪ੍ਰੈਲ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਅੰਦਰ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ 1 ਅਪ੍ਰੈਲ ਤੋਂ ਰਾਜ ਮਿਸਤਰੀਆਂ ਦੇ ਦਿਹਾੜੀ ਰੇਟਾਂ 'ਚ ਕੀਤੇ ਵਾਧੇ ਖ਼ਿਲਾਫ਼ ਇੱਥੇ ਅਗਰਵਾਲ ਸਭਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੀ ਮੀਟਿੰਗ ਹੋਈ, ਜਿਸ ਵਿਚ ਦਿਹਾੜੀ 'ਚ ਕੀਤੇ ਗਏ ਇਸ ਵਾਧੇ ਨੂੰ ਨਾਜਾਇਜ਼ ਕਰਾਰ ਦਿੰਦਿਆਂ ਰਾਕੇਸ਼ ਕੁਮਾਰ ਜੈਨ ਨੇ ਕਿਹਾ ਕਿ ਇਸ ਵਾਧੇ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੀਆਂ ਨਾ ਮੰਨਣਯੋਗ ਮੰਗਾਂ ਲੋਕਾਂ 'ਤੇ ਥੋਪੀਆਂ ਜਾ ਰਹੀਆਂ ਹਨ | ਅਗਰਵਾਲ ਸਭਾ ਦੇ ਸੀਨੀਅਰ ਆਗੂ ਰਾਕੇਸ਼ ਜੈਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੁੱਜੀਆਂ ਸੰਸਥਾਵਾਂ ਆੜ੍ਹਤੀ ਐਸੋਸੀਏਸ਼ਨ, ਪੈਸਟੀਸਾਈਡ ਯੂਨੀਅਨ, ਵਪਾਰ ਮੰਡਲ, ਪੰਚਾਇਤੀ ਗਊਸ਼ਾਲਾ ਕਮੇਟੀ, ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਸ਼ਹਿਰ ਦੀਆਂ ਬਹੁ ਗਿਣਤੀ ਸੰਸਥਾਵਾਂ ਦੇ ਪੁੱਜੇ ਹੋਏ ਆਗੂਆਂ ਨੇ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਹੈ ਕਿ ਇਸ ਮਾਮਲੇ ਸਬੰਧੀ ਜਦੋਂ ਤੱਕ ਸਰਬਸੰਮਤੀ ਨਾਲ ਕੋਈ ਸਹੀ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਸ਼ਹਿਰ ਅੰਦਰ ਚਲਦੇ ਸਾਰੇ ਉਸਾਰੀ ਦੇ ਕੰਮ ਬਿਨਾਂ ਕਿਸੇ ਦੇਰੀ ਤੋਂ ਬੰਦ ਕਰ ਦਿੱਤੇ ਜਾਣਗੇ | ਸ੍ਰੀ ਜੈਨ ਨੇ ਦੱਸਿਆ ਕਿ ਦਿਹਾੜੀ 'ਚ ਵਾਧੇ ਤੋਂ ਇਲਾਵਾ ਹੋਰ ਅਜਿਹੇ ਕਈ ਫ਼ੈਸਲੇ ਜਿਵੇਂ ਕਿ ਜੇਕਰ ਕੰਮ ਕਾਜ ਦੌਰਾਨ ਕਿਸੇ ਦਿਹਾੜੀਦਾਰ ਮਜ਼ਦੂਰ ਜਾਂ ਮਿਸਤਰੀ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਲਈ ਮਕਾਨ ਮਾਲਕ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਵਰਗੇ ਗਲਤ ਫ਼ੈਸਲੇ ਵੀ ਸ਼ਾਮਿਲ ਹਨ | ਸੰਸਥਾਵਾਂ ਦੇ ਆਗੂਆਂ ਨੇ ਇਸ ਸਬੰਧੀ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਮੰਗ ਕੀਤੀ |