22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਾਰਕੀਟ ਕਮੇਟੀਆਂ ਦੇ ਮੁਕੰਮਲ ਗਠਨ ਦੀ ਆਸ ਬੱਝੀ

ਅਜੀਤ ਡੈਸਕ 23-01-2026
ਭੀਖੀ, 22 ਜਨਵਰੀ (ਬਲਕਾਰ ਸਿੰਘ ਸਹੋਤਾ)-ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ 'ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵੱਖ-ਵੱਖ ਵਿੰਗਾਂ 'ਚ ਨਿਯੁਕਤੀਆਂ ਕਰ ਕੇ ਵਰਕਰਾਂ ਨੂੰ ਰਸਮੀ ਸਨਮਾਨ ਦੇ ਰਹੀ ਹੈ ਪਰ ਦਿਹਾਤੀ ਹਲਕਿਆਂ ਦੇ ਵਰਕਰਾਂ ਦਾ ਪਸੰਦੀਦਾ ਅਦਾਰਾ ਮਾਰਕੀਟ ਕਮੇਟੀਆਂ ਦਾ ਹਾਲੇ ਤੱਕ ਮੁਕੰਮਲ ਗਠਨ ਨਹੀਂ ਕੀਤਾ | ਬੇਸ਼ੱਕ ਵਿਭਾਗੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮਾਰਕੀਟ ਕਮੇਟੀਆਂ ਦੇ ਉਪ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਸੂਚੀਆਂ ਇਕੱਤਰ ਕੀਤੀਆਂ ਗਈਆਂ ਪਰ ਸਰਕਾਰ ਵਲੋਂ ਹਾਲੇ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ | ਦੱਸਣਯੋਗ ਹੈ ਕਿ ਸਰਕਾਰ ਵਲੋਂ ਪੰਜਾਬ ਐਗਰੀਕਲਚਰ ਪ੍ਰੋਡਿਊਸਰ ਮਾਰਕੀਟ ਐਕਟ 1961 ਤਹਿਤ ਰਾਜ ਦੇ ਰਾਜਪਾਲ ਦੀ ਪ੍ਰਸ਼ੰਨਤਾਪੂਰਨ ਸੂਬਾ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਨਾਮਜ਼ਦ ਕਰਨ ਮੌਕੇ ਧਾਰਾ 12 (3) ਵਿਸ਼ੇਸ਼ ਉਲੇਖ ਕਰਦਿਆਂ ਨੋਟੀਫ਼ਿਕੇਸ਼ਨ 'ਚ ਲਿਖਿਆ ਗਿਆ ਹੈ ਕਿ ਉਕਤ ਮੈਂਬਰਾਂ ਤੋਂ ਇਲਾਵਾ ਬਾਕੀ ਰਹਿੰਦੇ ਮੈਂਬਰਾਂ ਦੀਆਂ ਨਿਯੁਕਤੀ ਨਾ ਹੋਣ ਕਾਰਨ ਚੇਅਰਮੈਨ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਮਾਰਕੀਟ ਕਮੇਟੀ ਦਾ ਕੰਮ-ਕਾਜ ਚਲਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ | ਇਸ ਲਈ ਜਦੋਂ ਤੱਕ ਰਹਿੰਦੇ ਮੈਂਬਰਾਂ ਦੀ ਨਿਯੁਕਤੀ ਨਹੀਂ ਹੋ ਜਾਂਦੀ, ਉਦੋਂ ਤੱਕ ਨਾਮਜ਼ਦ ਚੇਅਰਮੈਨ/ਮੈਂਬਰ ਨੂੰ ਧਾਰਾ 12 (3) ਤਹਿਤ ਕੰਮ-ਕਾਜ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ | ਜ਼ਿਲ੍ਹਾ ਮਾਨਸਾ ਦੀਆਂ 6 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤਾਂ ਨਿਯੁਕਤ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਕਮੇਟੀਆਂ ਦਾ ਹਾਲੇ ਤੱਕ ਸੰਪੂਰਨ ਗਠਨ ਨਹੀਂ ਕੀਤਾ | ਇਨ੍ਹਾਂ ਕਮੇਟੀਆਂ 'ਚ ਚੇਅਰਮੈਨ ਸਮੇਤ 17 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ, ਇਨ੍ਹਾਂ 'ਚ ਇਕ ਸਰਕਾਰੀ ਅਧਿਕਾਰੀ ਵੀ ਮੈਂਬਰ ਦੇ ਰੂਪ ਵਿਚ ਨਾਮਜ਼ਦ ਹੁੰਦਾ ਹੈ ਅਤੇ ਬਾਕੀ ਬਚੇ 16 ਮੈਂਬਰਾਂ 'ਚੋਂ ਚੇਅਰਮੈਨ ਤੇ ਉਪ ਚੇਅਰਮੈਨ ਤੋਂ ਇਲਾਵਾ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ | ਜ਼ਿਲੇ੍ਹ ਦੀਆਂ 6 ਮਾਰਕੀਟ ਕਮੇਟੀਆਂ 'ਚੋਂ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਨਾਮਜ਼ਦ ਕਰਨ ਨਾਲ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਦਾ ਅਹੁਦਾ ਖ਼ਾਲੀ ਹੈ, ਤੋਂ ਇਲਾਵਾ ਸਮੁੱਚੀਆਂ ਕਮੇਟੀਆਂ ਵਿਚ ਉਪ ਚੇਅਰਮੈਨ ਅਤੇ ਮੈਂਬਰਾਂ ਦੇ 90 ਅਹੁਦੇ ਹਾਲੇ ਤੱਕ ਖ਼ਾਲੀ ਪਏ ਹਨ | ਆਮ ਆਦਮੀ ਪਾਰਟੀ ਦੇ ਜ਼ਮੀਨੀ ਪੱਧਰ 'ਤੇ ਦਰਜਨਾਂ ਚਾਹਵਾਨ ਵਰਕਰ ਆਪਣੀਆਂ ਨਾਮਜ਼ਦਗੀਆਂ ਨੂੰ ਉਤਸੁਕਤਾ ਨਾਲ ਉਡੀਕ ਰਹੇ ਹਨ ਅਤੇ ਕਈ ਵਰਕਰ ਗ਼ੁੱਸਾ ਜ਼ਾਹਿਰ ਕਰਦੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਜਦੋਂ ਵੀ ਕਮੇਟੀਆਂ ਦੇ ਚੇਅਰਮੈਨ ਨਾਮਜ਼ਦ ਕੀਤੇ ਜਾਂਦੇ ਸਨ ਅਤੇ ਉਸੇ ਸਮੇਂ ਹੀ ਕਮੇਟੀ ਦਾ ਪੂਰਨ ਗਠਨ ਕਰ ਦਿੱਤਾ ਜਾਂਦਾ ਸੀ ਪਰ ਇਹ ਪਹਿਲੀ ਵਾਰ ਹੈ ਕਿ ਸਰਕਾਰ ਵਲੋਂ ਚੇਅਰਮੈਨ ਤਾਂ ਨਿਯੁਕਤ ਕਰ ਦਿੱਤੇ ਗਏ ਪਰ ਉਪ ਚੇਅਰਮੈਨ ਤੇ ਮੈਂਬਰਾਂ ਦੀ ਨਾਮਜ਼ਦਗੀ ਲਈ ਨਿਰੰਤਰ ਉਡੀਕ ਕਰਨੀ ਪੈ ਰਹੀ ਹੈ |
ਪਿਛਲੀ ਖ਼ਬਰ ਫਰੂਟ ਵਿਕਰੇਤਾ ਦੀ ਬੇਟੀ ਨੇ ਰਾਸ਼ਟਰੀ ਸਕੂਲ ਖੇਡਾਂ 'ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਵੱਧ ਤੋਂ ਵੱਧ ਜਾਗਰੂਕ ਕਰ ਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ-ਡਾ. ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।