ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਹਰਮਹਿੰਦਰ ਪਾਲ)-ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵਲੋਂ ਆਰ.ਏ.ਐੱਮ.ਪੀ. (ਰੇਜ਼ਿੰਗ ਅਤੇ ਐਕਸਲਰੇਟਿੰਗ ਐੱਮ.ਐੱਸ.ਐੱਮ.ਈ.) ਸਕੀਮ ਅਧੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮਹਿਲਾ ਉਧਮੀਆਂ, ਸਵੈ ਸਹਾਇਤਾ ਸਮੂਹਾਂ ਅਤੇ ਸੂਖਮ ਲਘੂ ਅਤੇ ਮੱਧਮ ਉਦਯੋਗਿਕ ਯੂਨਿਟਾਂ ਨੂੰ ਪ੍ਰੋਤਸਾਹਨ ਦੇਣ ਲਈ ਜ਼ਿਲ੍ਹਾ ਪੱਧਰੀ ਮੇਲਾ 'ਪੰਜਾਬ ਸਖੀ ਸ਼ਕਤੀ ਮੇਲਾ - ਮਹਿਲਾ ਉਧਮੀਆਂ ਦਾ ਸਸ਼ਕਤੀਕਰਨ' ਮੇਲਾ ਕਰਵਾਇਆ ਜਾਵੇਗਾ | ਇਸ ਸੰਬੰਧ ਵਿਚ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਸੁਰਿੰਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੇਲੇ ਦੇ ਸੁਚੱਜੇ ਆਯੋਜਨ ਸੰਬੰਧੀ ਵਿਸਥਾਰਪੂਰਕ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਜ਼ਿਲ੍ਹਾ ਪੱਧਰ ਦਾ ਮੇਲਾ ਫ਼ਰਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਗੁਰੂ ਗੋਬਿੰਦ ਸਿੰਘ ਪਾਰਕ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ | ਮੇਲੇ ਵਿਚ ਮਹਿਲਾ ਉਧਮੀਆਂ, ਸਵੈ ਸਹਾਇਤਾ ਸਮੂਹਾਂ, ਯੂਨਿਟਾਂ ਵਲੋਂ ਤਿਆਰ ਕੀਤੇ ਉਤਪਾਦਾਂ ਲਈ ਵੱਖ-ਵੱਖ ਸਟਾਲਾਂ ਦੀ ਵਿਵਸਥਾ ਕੀਤੀ ਜਾਵੇਗੀ | ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਉਧਮੀਆਂ ਲਈ ਰਾਤ ਨੂੰ ਰਹਿਣ ਦੀ ਵਿਵਸਥਾ ਉਚੇਚੇ ਤੌਰ 'ਤੇ ਕੀਤੀ ਜਾਵੇਗੀ | ਏ.ਡੀ.ਸੀ. ਨੇ ਕਿਹਾ ਕਿ ਇਹ ਮੇਲਾ ਸਥਾਨਕ ਮਹਿਲਾ ਉਦਯੋਗਪਤੀਆਂ ਲਈ ਆਪਣੇ ਉਤਪਾਦਾਂ ਦੀ ਮਾਰਕੀਟਿੰਗ, ਵਿਕਰੀ ਅਤੇ ਨਵੇਂ ਵਪਾਰਕ ਮੌਕੇ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਸਥਾਨਕ ਮਹਿਲਾ ਉਧਮੀਆਂ ਨੂੰ ਆਪਣੇ ਉਤਪਾਦਾਂ ਦੀ ਸਟਾਲ ਲਗਾਉਣ ਲਈ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਜ਼ਿਲ੍ਹੇ ਦੀ ਸਾਰੀ ਆਮ ਤੇ ਖ਼ਾਸ ਜਨਤਾ ਨੂੰ ਇਸ ਮੇਲੇ 'ਤੇ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ | ਇਸ ਮੌਕੇ ਗੁਰਨਿਸ਼ਾਨ ਸਿੰਘ ਹੇਅਰ ਫੰਕਸ਼ਨਲ ਮੈਨੇਜਰ ਅਤੇ ਸੰਗੀਤ ਸਰੋਤਾ, ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਰਮਣੀਕ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੀ.ਐੱਸ.ਆਰ.ਐੱਲ.ਐੱਮ. ਮਨਪ੍ਰੀਤ ਕੌਰ, ਬਲਾਕ ਪੱਧਰ ਪ੍ਰਸਾਰ ਅਫ਼ਸਰ ਜਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਸੰਦੀਪ ਸਿੰਘ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ |