18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਾਮਲਾ : ਸ਼ਹਿਰ ਦੇ ਵਪਾਰੀ ਨਾਲ ਹੋਈ ਕੁੱਟਮਾਰ ਦਾ <br> ਮਲੋਟ ਵਿਖੇ ਭਾਜਪਾ ਆਗੂਆਂ ਤੇ ਵਪਾਰੀਆਂ ਵਲੋਂ ਥਾਣਾ ਸਿਟੀ ਦੇ ਬਾਹਰ ਧਰਨਾ

ਅਜੀਤ ਡੈਸਕ 22-01-2026

ਮਲੋਟ, 21 ਜਨਵਰੀ (ਪਾਟਿਲ)-ਮਲੋਟ ਸ਼ਹਿਰ 'ਚ ਇਕ ਵਪਾਰੀ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਸ਼ਹਿਰ ਦੇ ਵਪਾਰੀਆਂ ਵਲੋਂ ਥਾਣਾ ਸਿਟੀ ਮਲੋਟ ਦੇ ਬਾਹਰ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਧਰਨੇ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਸ਼ਹਿਰ ਦੇ ਸ਼ਰੀਫ਼ ਵਪਾਰੀ ਕਾਲੂ ਗਰੋਵਰ 'ਤੇ ਵਪਾਰਕ ਲੈਣ-ਦੇਣ ਨੂੰ ਲੈ ਕੇ ਪੂਰਵ ਯੋਜਨਾ ਤਹਿਤ ਤਲਵਾਰਾਂ ਤੇ ਅਸਲੇ ਨਾਲ ਹਮਲਾ ਕੀਤਾ ਗਿਆ ਸੀ | ਪੀੜਤ ਵਲੋਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਪਰ ਪੁਲਿਸ ਵਲੋਂ ਸਿਰਫ਼ ਭਰੋਸੇ ਦਿੱਤੇ ਗਏ, ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਪੀੜਤ ਪੱਖ ਵਲੋਂ ਡੀ.ਐੱਸ.ਪੀ. ਨੂੰ ਵੀ ਮਿਲ ਕੇ ਬੇਨਤੀ ਕੀਤੀ ਗਈ, ਪਰ ਹੁਣ ਤੱਕ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਇਸ ਕਾਰਨ ਵਪਾਰੀਆਂ ਵਿਚ ਡਰ ਤੇ ਗ਼ੁੱਸਾ ਹੈ | ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਇਹ ਧਰਨਾ ਜਾਰੀ ਰੱਖਿਆ ਜਾਵੇਗਾ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਸਰਕਾਰ ਤੇ ਪੁਲਿਸ ਵਿਰੁੱਧ ਵੱਡਾ ਅੰਦੋਲਨ ਕੀਤਾ ਜਾਵੇਗਾ | ਪ੍ਰਦਰਸ਼ਨ ਦੌਰਾਨ ਐੱਸ.ਐੱਚ.ਓ. ਥਾਣਾ ਸਿਟੀ ਮਲੋਟ ਵਰੁਣ ਯਾਦਵ ਪ੍ਰਦਰਸ਼ਨਕਾਰੀਆਂ ਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਆਏ, ਪਰ ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਉਹ ਉਨ੍ਹਾਂ ਨੂੰ ਮਿਲ ਚੁੱਕੇ ਹਨ, ਪਰ ਇਨਸਾਫ਼ ਨਹੀਂ ਮਿਲਿਆ | ਅੱਜ ਉਹ ਇਨਸਾਫ਼ ਲੈ ਕੇ ਹੀ ਕਿਸੇ ਗੱਲਬਾਤ ਲਈ ਰਾਜ਼ੀ ਹੋਣਗੇ | ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਸੀਨੀਅਰ ਭਾਜਪਾ ਆਗੂ ਸੁਸ਼ੀਲ ਗਰੋਵਰ, ਮੁਕੇਸ਼ ਜੱਗਾ, ਕਾਲੂ ਗਰੋਵਰ, ਸੋਮਨਾਥ ਕਾਲੜਾ, ਸੰਦੀਪ ਵਰਮਾ ਆਦਿ ਨੇ ਸੰਬੋਧਨ ਕੀਤਾ |
ਦੋਵਾਂ ਧਿਰਾਂ ਦੀਆਂ ਦਰਖ਼ਾਸਤਾਂ ਮਿਲੀਆਂ-ਪੁਲਿਸ

ਮਲੋਟ, 21 ਜਨਵਰੀ (ਪਾਟਿਲ)-ਭਾਜਪਾ ਆਗੂਆਂ ਅਤੇ ਵਪਾਰ ਮੰਡਲ ਵਲੋਂ ਥਾਣਾ ਸਿਟੀ ਮਲੋਟ ਦੇ ਬਾਹਰ ਦਿੱਤੇ ਗਏ ਧਰਨੇ ਸੰਬੰਧੀ ਐੱਸ.ਐੱਚ.ਓ. ਥਾਣਾ ਸਿਟੀ ਮਲੋਟ ਵਰੁਣ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਮਾਮਲਾ ਕਾਲੂ ਗਰੋਵਰ ਅਤੇ ਦੂਜੀ ਧਿਰ ਵਿਚਕਾਰ ਕਣਕ ਦੀ ਖ਼ਰੀਦ-ਵੇਚ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਲਗਪਗ 4 ਕੁਇੰਟਲ ਕਣਕ ਦੀ ਡੀਲ ਦਾ ਮਾਮਲਾ ਹੈ | ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋਈ | ਇਸ ਮਾਮਲੇ ਵਿਚ ਦੋਵੇਂ ਪੱਖਾਂ ਵਲੋਂ ਦਰਖ਼ਾਸਤਾਂ ਮਿਲੀਆਂ ਹਨ ਅਤੇ ਦੋਵਾਂ ਨੂੰ ਕਈ ਵਾਰ ਥਾਣੇ ਬੁਲਾਇਆ ਗਿਆ ਹੈ | ਐੱਸ.ਐੱਚ.ਓ. ਨੇ ਕਿਹਾ ਕਿ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ | ਦੋਸ਼ਾਂ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਨਿਰਪੱਖ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਰਕਾਰੀ ਸਕੂਲ (ਲੜਕੇ) ਰੁਪਾਣਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ 'ਚ ਅਣਪਛਾਤੇ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।