ਮਲੋਟ ਕਾਂਗਰਸ ਵਲੋਂ ਸਾਰੇ ਵਾਰਡਾਂ 'ਚ ਉਮੀਦਵਾਰ ਤਿਆਰ ਕਰਨ ਦਾ ਐਲਾਨ
ਅਜੀਤ ਡੈਸਕ
22-01-2026
ਮਲੋਟ, 21 ਜਨਵਰੀ (ਪਾਟਿਲ)-ਅੱਜ ਮਲੋਟ ਵਿਚ ਕਾਂਗਰਸ ਪਾਰਟੀ ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਸੰਬੋਧਨ ਕੀਤਾ | ਪ੍ਰੈੱਸ ਕਾਨਫ਼ਰੰਸ ਦੌਰਾਨ ਸ. ਬਿੱਟੂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਨੇ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਤਿਆਰ ਕਰ ਲਏ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਲਦ ਹੀ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਸਾਰੇ ਦਾਅਵੇਦਾਰਾਂ ਸੰਬੰਧੀ ਵਿਚਾਰ-ਵਟਾਂਦਰਾ ਕਰੇਗੀ ਅਤੇ ਜਿੱਤਣ ਯੋਗ ਉਮੀਦਵਾਰਾਂ ਬਾਰੇ ਆਪਣੀ ਰਿਪੋਰਟ ਤਿਆਰ ਕਰਕੇ ਹਾਈਕਮਾਂਡ ਨੂੰ ਭੇਜੇਗੀ | ਉਸ ਤੋਂ ਬਾਅਦ ਟਿਕਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ | ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰ ਵਿਚ ਕੀਤੀ ਗਈ ਨਵੀਂ ਵਾਰਡਬੰਦੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਵਾਰਡਬੰਦੀ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਪਹਿਲਾਂ ਵੀ ਵਾਰਡਬੰਦੀ ਸੰਬੰਧੀ ਇਤਰਾਜ ਦਰਜ ਕਰਵਾਏ ਗਏ ਸਨ, ਪਰ ਸਰਕਾਰ ਨੇ ਉਨ੍ਹਾਂ 'ਤੇ ਕੋਈ ਧਿਆਨ ਨਹੀਂ ਦਿੱਤਾ | ਇਸ ਕਰਕੇ ਹੁਣ ਕਾਂਗਰਸ ਪਾਰਟੀ ਹਾਈਕੋਰਟ ਦਾ ਰੁਖ਼ ਕਰਨ ਜਾ ਰਹੀ ਹੈ ਅਤੇ ਇਕ-ਦੋ ਦਿਨਾਂ ਵਿਚ ਰਿਟ ਪਟੀਸ਼ਨ ਦਾਖ਼ਲ ਕੀਤੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਚਾਹੇ ਵਾਰਡਬੰਦੀ ਕਿਸੇ ਵੀ ਤਰੀਕੇ ਨਾਲ ਕੀਤੀ ਗਈ ਹੋਵੇ, ਕਾਂਗਰਸ ਪਾਰਟੀ ਪੂਰੀ ਤਿਆਰੀ ਨਾਲ ਚੋਣਾਂ ਲੜੇਗੀ ਅਤੇ ਜਨਤਾ ਦੀ ਕਚਹਿਰੀ ਵਿਚ ਆਪਣੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਜਾਵੇਗੀ | ਉਨ੍ਹਾਂ ਕਿਹਾ ਕਿ ਚੋਣਾਂ ਦਾ ਫ਼ੈਸਲਾ ਲੋਕ ਕਰਨਗੇ, ਨਾ ਕਿ ਧੱਕੇ ਨਾਲ ਬਣਾਈ ਗਈ ਵਾਰਡਬੰਦੀ | ਇਸ ਮੌਕੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਕੌਂਸਲਰ ਅਸ਼ਨੀ ਖੇੜਾ, ਪ੍ਰਮੋਦ ਮਹਾਸ਼ਾ, ਨੱਥੂ ਰਾਮ ਗਾਂਧੀ, ਐੱਮ.ਸੀ. ਲੀਲੂ ਰਾਮ, ਮਾਸਟਰ ਜਸਪਾਲ ਸਿੰਘ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |