ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ)-ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ 35ਵਾਂ ਮੇਲਾ ਗ਼ਦਰੀ ਬਾਬਿਆਂ ਦਾ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪੂਰੇ ਜੋਸ਼ੋ-ਖ਼ਰੋਸ਼ ਨਾਲ 30 ਅਕਤੂਬਰ ਦਿਨ ਸ਼ੁਕਰਵਾਰ ਤੋਂ ਸ਼ੁਰੂ ਹੋਵੇਗਾ, ਜੋ ਕਿ 1 ਨਵੰਬਰ ਦਿਨ ਐਤਵਾਰ ਤੱਕ ਜਾਰੀ ਰਹੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਮੇਲੇ ’ਚ ਬੱਬਰਾਂ ਦੇ ਪਿੰਡਾਂ ਦੇ ਮੁਹਤਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਦੁਪਹਿਰ 2 ਵਜੇ ਤੋਂ ਸ਼ਮ੍ਹਾਂ ਰੌਸ਼ਨ ਕਰਕੇ ਇਹ ਮੇਲਾ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਅਤੇ ਪੈਨਲ ਵਿਚਾਰ-ਚਰਚਾ ਨਾਲ ਹੋਵੇਗੀ। 31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲਾ, ਦੁਪਹਿਰ ਵੇਲੇ ਤਰਕਸ਼ੀਲ ਵਿਗਿਆਨਕ ਚੇਤਨਾ ਦੀ ਲੋਅ ਵੰਡਦੀਆਂ ਕਲਾ ਕਿਰਤਾਂ ਤੋਂ ਇਲਾਵਾ ਨਾਮਵਰ ਵਿਦਵਾਨ ਪ੍ਰਜੌਏ ਗੁਹਾ ਠਾਕੁਰਤਾ ਮੁਲਕ ਦੇ ਚਰਚਿਤ ਸੁਆਲਾਂ ਨੂੰ ਮੁਖ਼ਾਤਿਬ ਹੋਣਗੇ। ਸ਼ਾਮ 4 ਵਜੇ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਉਪਰੰਤ 7 ਵਜੇ ਦਸਤਾਵੇਜ਼ੀ ਫ਼ਿਲਮ ‘ਚੜ੍ਹਦੀ ਕਲਾ’ (ਦਿੱਲੀ ਕਿਸਾਨ ਮੋਰਚੇ ਬਾਰੇ) ਨਕੁਲ ਸਾਹਨੀ ਦੀ ਨਿਰਦੇਸ਼ਨਾ ‘ਚ ‘ਪੀਪਲਜ਼ ਵਾਇਸ’ ਪੇਸ਼ ਕਰੇਗਾ। ਪਹਿਲੀ ਨਵੰਬਰ ਕਮੇਟੀ ਮੈਂਬਰ ਦਰਸ਼ਨ ਖਟਕੜ ਝੰਡਾ ਲਹਿਰਾਉਣ ਉਪਰੰਤ ਵਿਚਾਰ ਸਾਂਝੇ ਕਰਨਗੇ। ਅਮੋਲਕ ਸਿੰਘ ਦੀ ਰਚਨਾ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਦੋ ਦਰਜਣ ਨਾਟਕ ਮੰਡਲੀਆਂ ਦੇ 100 ਕਲਾਕਾਰ ਸੰਗੀਤ ਨਾਟ-ਓਪੇਰਾ ‘ਬਦਲ ਦਿਓ ਸਮਾਜ’ ਪੇਸ਼ ਕਰਨਗੇ। ਪਹਿਲੀ ਨਵੰਬਰ ਦਿਨ ਦੇ ਸਮਾਗਮ ’ਚ ਏਕੱਤਰ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵਲੋਂ ਗੁਰਸ਼ਰਨ ਭਾਅ ਜੀ ਦਾ ਨਾਟਕ ‘ਤਮਾਸ਼ਾ-ਏ-ਹਿੰਦੋਸਤਾਨ’ ਪੇਸ਼ ਕਰਨਗੇ। ਪਹਿਲੀ ਨਵੰਬਰ ਸਾਰੀ ਰਾਤ ਭੰਡ, ਨਾਟਕ, ਗੀਤ-ਸੰਗੀਤ ਅਤੇ ਹੋਰ ਬਹੁਤ ਕੁਝ ਨਵਾਂ ਨਵੇਲਾ ਹੋਏਗਾ ਜਿਸ ’ਚ ਕਰਾਂਤੀਪਾਲ, ਹਰਕੇਸ਼ ਚੌਧਰੀ, ਕੇਵਲ ਧਾਲੀਵਾਲ, ਅਨੀਤਾ ਸ਼ਬਦੀਸ਼ ਨਾਟਕਾਂ ਦਾ ਰੰਗ ਭਰਨਗੇ। ਮੇਲੇ ‘ਚ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਏਗੀ।