ਫਿਲੌਰ , 16 ਮਈ (ਸਤਿੰਦਰ ਸ਼ਰਮਾ)-ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ 6 ਮਈ ਤੋਂ ਨਗਰ ਕੌਸਲ ਫਿਲੌਰ ਵਿਖੇ ਡਿਊਟੀ ਕਰ ਰਹੇ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਕਈ ਦਿਨ ਤੋਂ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਅੱਜ ਉਨ੍ਹਾਂ ਨੇ ਅੱਤ ਦੀ ਗਰਮੀ 'ਚ ਸਾਰੇ ਸ਼ਹਿਰ 'ਚ ਰੋਸ ਮਾਰਚ ਕੀਤਾ | ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਪਿਛਲੀਆ ਸਰਕਾਰਾਂ ਨੇ ਉਨ੍ਹਾਂ ਦੀ ਭਲਾਈ ਵਾਸਤੇ ਕੋਈ ਵੀ ਤਸੱਲੀਬਖਸ਼ ਕੰਮ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਹਨ ਕਿ ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਤਨਖਾਹਾਂ ਵਿਚ ਵਾਧਾ ਕੀਤਾ ਜਾਵੇ, 31 ਦਸੰਬਰ 2011 ਤੋਂ ਪੈਨਸ਼ਨ ਲਾਉਣ ਸੰਬੰਧੀ ਮੰਗਾਂ ਮੰਨੀਆਂ ਜਾਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਸ ਵੇਲੇ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ | ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਫਿਲੌਰ ਦੇ ਪ੍ਰਧਾਨ ਮਨੀ ਲਾਲ, ਬੰਟੀ, ਰਾਮ ਲਾਲ, ਸੰਨੀ, ਕਮਲ, ਰਮੇਸ਼ ਲਾਲ, ਰਾਮ ਲਾਲ ਤੇਜੀ, ਅਜੈ ਕੁਮਾਰ, ਰਾਣੀ, ਵਿਨੈ ਕੁਮਾਰ, ਟਿੰਕੂ, ਰਜਨੀ, ਰਾਹੁਲ, ਅਜੈ, ਸੋਨੀਆ, ਭੋਲੀ ਅਤੇ ਹੋਰ ਹਾਜ਼ਰ ਸਨ |