ਆਦਮਪੁਰ, 16 ਮਈ (ਹਰਪ੍ਰੀਤ ਸਿੰਘ)-ਪਿੰਡ ਖੋਜਕੀਪੁਰ (ਡਾਕਖਾਨਾ ਸਲਾਲਾ, ਆਦਮਪੁਰ ਭੋਗਪੁਰ ਰੋਡ, ਜਲੰਧਰ) ਵਿਖੇ ਧੰਨ ਧੰਨ ਸਾਂਈ ਬਾਬਾ ਫਕੀਰੇ ਸ਼ਾਹ ਦੀ ਨਿੱਘੀ ਯਾਦ ਨੂੰ ਸਮਰਪਿਤ 22ਵਾਂ ਮਹਾਨ ਸਲਾਨਾ ਛਿੰਝ ਜੋੜ ਮੇਲਾ 21 ਮਈ (ਵੀਰਵਾਰ) ਅਤੇ 22 ਮਈ 2026 (ਸ਼ੁੱਕਰਵਾਰ) ਨੂੰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਗੱਦੀ ਨਸ਼ੀਨ ਸਾਂਈ ਲੱਕੀ ਸ਼ਾਹ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ | ਮੇਲੇ ਦੇ ਪਹਿਲੇ ਦਿਨ, 21 ਮਈ ਨੂੰ ਸਵੇਰੇ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ, ਜਿਸ ਵਿੱਚ ਝੰਡੇ ਦੀ ਰਸਮ ਅਤੇ ਚਾਦਰ ਚੜ੍ਹਾਉਣ ਦੀ ਹੋਵੇਗੀ | ਇਸੇ ਦਿਨ ਦੁਪਹਿਰ ਤੋਂ ਸਕੂਲਾਂ ਦੀਆਂ ਟੀਮਾਂ ਦੇ ਦਿਲਚਸਪ ਭੰਗੜਾ ਅਤੇ ਹੋਰ ਪੰਜਾਬੀ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ ਇਸੇ ਤਰ੍ਹਾਂ 22 ਮਈ (ਸ਼ੁੱਕਰਵਾਰ) ਨੂੰ ਛਿੰਝ ਮੁਕਾਬਲੇੇ ਤੇ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਸੋਨੂੰ ਚੀਕਾ ਪਹਿਲਵਾਨ ਵਿਚਕਾਰ ਹੋਵੇਗੀ ਉਪਰੰਤ ਸੱਭਿਆਚਾਰਕ ਮੇਲੇ ਦੌਰਾਨ ਸੂਫ਼ੀਆਨਾ ਅਤੇ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਆਪਣੇ ਪ੍ਰਸਿੱਧ ਗੀਤਾਂ ਨਾਲ ਸੰਗਤਾਂ ਅਤੇ ਦਰਸ਼ਕਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੇ ਨਾਲ-ਨਾਲ ਪੰਜਾਬ ਦੇ ਕਈ ਹੋਰ ਨਾਮਵਰ ਗਾਇਕ ਅਤੇ ਕਲਾਕਾਰ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ | ਇਸ ਦੋ ਰੋਜ਼ਾ ਜੋੜ ਮੇਲੇ ਦੌਰਾਨ ਵੱਖ-ਵੱਖ ਡੇਰਿਆਂ ਤੋਂ ਪੁੱਜ ਰਹੇ ਉੱਘੇ ਸੰਤ-ਮਹਾਂਪੁਰਸ਼, ਧਾਰਮਿਕ ਆਗੂ, ਸਿਆਸੀ ਸ਼ਖਸੀਅਤਾਂ ਅਤੇ ਇਲਾਕੇ ਦੇ ਪ੍ਰਮੁੱਖ ਪਤਵੰਤੇ ਸੱਜਣ ਹਾਜ਼ਰੀ ਭਰਨਗੇ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਮੇਲੇ ਦੌਰਾਨ ਦੋਵੇਂ ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ | ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਇਸ ਮੇਲੇ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ |