ਜਲੰਧਰ, 16 ਮਈ (ਸ਼ਿਵ)- ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਵਲੋਂ ਰੇਲਵੇ ਦੇ ਡਵੀਜ਼ਨਲ ਮੈਨੇਜਰ, ਡਿਪਟੀ ਕਮਿਸ਼ਨਰ, ਨਿਗਮ ਕਮਿਸ਼ਨਰ ਨੂੰ ਇਕ ਚਿੱਠੀ ਲਿਖ ਕੇ ਅਰਬਨ ਅਸਟੇਟ ਫ਼ੇਜ਼ -1 ਅਤੇ ਫ਼ੇਜ਼ -2 ਨੂੰ ਜੋੜਨ ਵਾਲੀ ਸੜਕ 'ਤੇ ਰੇਲਵੇ ਲਾਈਨ ਅਤੇ ਰੇਲਵੇ ਫਾਟਕਾਂ ਦੇ ਹੇਠਾਂ ਬਣਾਏ ਜਾ ਰਹੇ ਅੰਡਰਪਾਸ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਇਲਾਕੇ ਲਈ ਸਮੱਸਿਆ ਬਣਨ ਤੋਂ ਪਹਿਲਾਂ ਇਸ ਦਾ ਕੰਮ ਰੋਕਿਆ ਜਾਣਾ ਚਾਹੀਦਾ ਹੈ | ਸੁਸਾਇਟੀ ਨੇ ਇਸ ਪ੍ਰਾਜੈਕਟ ਨੂੰ ਸਹੀ ਨਾ ਦੱਸਦੇ ਹੋਏ ਇਸ ਦੀ ਜਗਾ ਤਬਦੀਲ ਕਰਨ ਦੀ ਮੰਗ ਕੀਤੀ ਹੈ | ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਰੇਲਵੇ ਡਵੀਜ਼ਨਲ ਮੈਨੇਜਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੌਜੂਦਾ ਸਥਾਨ 'ਤੇ ਅੰਡਰਪਾਸ ਦੀ ਉਸਾਰੀ ਤੁਰੰਤ ਰੋਕੀ ਜਾਵੇ | ਉਨ੍ਹਾਂ ਸੁਝਾਅ ਦਿੱਤਾ ਕਿ ਅੰਡਰਪਾਸ ਨੂੰ ਨਵੀਂ ਜਗਾ 'ਤੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ | ਸੁਸਾਇਟੀ ਵਲੋਂ ਇਸ ਮਾਮਲੇ ਵਿਚ ਕਿਹਾ ਗਿਆ ਹੈ ਕਿ ਇਸ ਅੰਡਰਪਾਸ ਨੂੰ ਪਾਰਕ ਨੰਬਰ 1 ਅਤੇ 2 ਅਤੇ ਗੁਰਦੁਆਰਾ ਦੇ ਨੇੜੇ ਸਥਿਤ ਪੈਟਰੋਲ ਪੰਪ ਦੇ ਨੇੜੇ ਬਣਾਇਆ ਜਾਣਾ ਚਾਹੀਦਾ ਹੈ ਤੇ ਇਸ ਜਗਾ 'ਤੇ ਇਹ ਅੰਡਰਪਾਸ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦਾ ਹੈ | ਸੁਸਾਇਟੀ ਦਾ ਕਹਿਣਾ ਸੀ ਕਿ ਅਰਬਨ ਅਸਟੇਟ ਫ਼ੇਜ਼1 ਵਿਚ ਕਾਫੀ ਅਪਾਰਟਮੈਂਟ ਰੇਲਵੇ ਲਾਈਨ ਦੇ ਬਿਲਕੁਲ ਨਾਲ ਹੀ ਬਣੇ ਹੋਏ ਹਨ ਤੇ ਪ੍ਰਸਤਾਵਿਤ ਅੰਡਰਪਾਸ ਦੀ ਢਲਾਣ ਇਨ੍ਹਾਂ ਘਰਾਂ ਦੇ ਸਾਹਮਣੇ ਸਿੱਧੀ ਚੱਲੇਗੀ | ਜਿਸ ਨਾਲ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀ ਹੋਣ ਤੋਂ ਇਲਾਵਾ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ | ਇਸ ਅੰਡਰਪਾਸ ਦਾ ਵਿਰੋਧ ਕਰਦੇ ਹੋਏ ਸੁਸਾਇਟੀ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਇਕ ਛੋਟਾ ਅੰਡਰ ਪਾਸ ਬਣਾਇਆ ਜਾ ਰਿਹਾ ਹੈ ਪਰ ਯੋਜਨਾ ਮੁਤਾਬਕ ਪੈਦਲ ਚੱਲਣ ਵਾਲਿਆਂ ਲਈ ਕੋਈ ਫੁੱਟਪਾਥ ਨਹੀਂ ਦਿੱਤਾ ਗਿਆ ਹੈ | ਬਰਸਾਤਾਂ ਵਿਚ ਪਾਣੀ ਭਰਨ ਅਤੇ ਨਾਲ ਹੀ ਲੰਘਦੀ ਵੱਡੀ ਸੀਵਰ ਲਾਈਨ ਕਰਕੇ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ | ਜਿਸ ਡਿਜ਼ਾਈਨ ਦਾ ਇਹ ਅੰਡਰਪਾਸ ਬਣਾਇਆ ਜਾ ਰਿਹਾ ਹੈ, ਉਸ ਦੇ ਤਹਿਤ ਦਾਖਲ ਹੋਣ ਅਤੇ ਬਾਹਰ ਨਿਕਲਣ ਵਾਲੇ ਗੱਡੀਆਂ ਵਾਲਿਆਂ ਨੂੰ ਪੇ੍ਰਸ਼ਾਨੀ ਆ ਸਕਦੀ ਹੈ | ਸੁਸਾਇਟੀ ਨੇ ਰੇਲਵੇ ਦੇ ਡਵੀਜ਼ਨਲ ਮੈਨੇਜਰ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ ਇਸ ਥਾਂ 'ਤੇ ਅੰਡਰਪਾਸ ਬਣਾਉਣ ਦੇ ਮਾਮਲੇ ਵਿਚ ਦੁਬਾਰਾ ਸਮੀਖਿਆ ਕਰਦੇ ਹੋਏ ਇਸ ਦੀ ਜਗਾ ਬਦਲ ਕੇ ਇਲਾਕਾ ਵਾਸੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ | ਉਧਰ ਸੁਸਾਇਟੀ ਮੈਂਬਰਾਂ ਨੇ ਇਸ ਨੂੰ ਲੈ ਕੇ ਸਿਆਸੀ ਆਗੂਆਂ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕੀਤੀਆਂ ਹਨ ਤਾਂ ਜੋ ਲੋਕਾਂ ਸਾਹਮਣੇ ਪੇ੍ਰਸ਼ਾਨੀ ਨਾ ਖੜ੍ਹੀ ਹੋ ਸਕੇ |