ਚੁਗਿੱਟੀ/ਜੰਡੂਸਿੰਘਾ, 1 ਅਪ੍ਰੈਲ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਪਿੰਡ ਜੰਡੂਸਿੰਘਾ ਦੇ ਲਾਗੇ ਬੇਕਾਬੂ ਹੋਣ 'ਤੇ ਪਲਟੇ ਟਰੈਕਟਰ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਦਰਦਨਾਕ ਹੋਏ ਇਸ ਹਾਦਸੇ ਦੌਰਾਨ ਮੌਤ ਦੇ ਮੂੰਹ ਜਾ ਪਏ ਵਿਅਕਤੀ ਦੀ ਪਛਾਣ ਕਸ਼ਮੀਰੀ ਲਾਲ ਵਾਸੀ ਬੇਗਮਪੁਰਾ ਮੁਹੱਲਾ, ਆਦਮਪੁਰ, ਜਲੰਧਰ ਦੇ ਰੂਪ 'ਚ ਸਾਹਮਣੇ ਆਈ ਹੈ | ਜਾਣਕਾਰੀ ਦਿੰਦੇ ਹੋਏ ਚੌਕੀ ਜੰਡੂਸਿੰਘਾ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪੁੱਤਰ ਦੀਪਕ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਹ ਸੋਨਾਲੀਕਾ ਫੈਕਟਰੀ ਹੁਸ਼ਿਆਰਪੁਰ ਵਿਖੇ ਕੰਮ ਕਰਦਾ ਹੈ | ਉਹ 2 ਭਰਾ ਹਨ | ਉਸ ਦੇ ਪਿਤਾ ਕਸ਼ਮੀਰੀ ਲਾਲ, ਜੋ ਕਿ ਸੋਨਾਲੀਕਾ ਫੈਕਟਰੀ ਵਿਚ ਕੰਪਨੀ ਵਲੋਂ ਦਿੱਤੇ ਗਏ ਟਰੈਕਟਰਾਂ ਦੀ ਸਪਲਾਈ ਦਾ ਕੰਮ ਠੇਕੇਦਾਰ ਬਰਜੇਸ਼ ਕੁਮਾਰ ਵਾਸੀ ਨਸਰਾਲਾ ਕਾਲੋਨੀ ਥਾਣਾ ਬੁੱਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਕੋਲ ਕਰਦੇ ਸੀ ਜੋ ਕੰਪਨੀ ਸੋਨਾਲੀਕਾ ਦੇ ਟਰੈਕਟਰਾਂ ਨੂੰ ਕੰਪਨੀ ਦੇ ਆਰਡਰ ਦੱਸੀ ਜਗ੍ਹਾ 'ਤੇ ਛੱਡ ਕੇ ਆਉਂਦੇ ਸਨ, ਉਹ ਬੀਤੇ ਕੱਲ੍ਹ ਆਪਣੀ ਨਾਈਟ ਡਿਊਟੀ 'ਤੇ ਗਏ ਸਨ | ਜੋ ਕੰਪਨੀ ਦੇ ਇਕ ਨਵੇਂ ਟਰੈਕਟਰਾਂ 'ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਡਿਲਵਰੀ ਦੇਣ ਜਾ ਰਹੇ ਸਨ | ਜਦੋਂ ਉਸ ਦੇ ਪਿਤਾ ਪਿੰਡ ਜੰਡੂਸਿੰਘਾ ਪੁੱਜੇ ਤਾਂ ਨੇੜੇ ਪੈਟਰੋਲ ਪੰਪ ਤੋਂ ਕਿਸੇ ਕਾਰਨ ਕਰਕੇ ਉਹ ਫਿਰ ਆਦਮਪੁਰ-ਹੁਸ਼ਿਆਰਪੁਰ ਨੂੰ ਮੁੜ ਗਏ ਤਾਂ ਜਦੋਂ ਨੰਦਾ ਫਾਰਮ ਨਜ਼ਦੀਕ ਜਨਤਾ ਸਰਕਾਰੀ ਸਕੂਲ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਦਾ ਟਰੈਕਟਰ ਅਚਾਨਕ ਸੰਤੁਲਨ ਵਿਗੜਨ ਕਾਰਨ ਟਰੈਕਟਰ ਖੱਬੇ ਹੱਥ ਖਾਲੀ ਪਲਾਟ ਵਿਚ ਪਲਟ ਗਿਆ | ਜਿਸ ਕਰਕੇ ਮੇਰੇ ਪਿਤਾ ਟਰੈਕਟਰ ਹੇਠਾਂ ਆ ਗਏ, ਜਿਸ ਕਾਰਨ ਮੌਕੇ 'ਤੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ | ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਮੌਕੇ 'ਤੇ ਆ ਕੇ ਸਾਰੀ ਹਾਲਤ ਦੇਖੀ | ਉਸ ਨੇ ਕਿਹਾ ਕਿ ਇਹ ਹਾਦਸਾ ਕੁਦਰਤੀ ਅਤੇ ਅਚਾਨਕ ਹੋਇਆ ਹੈ | ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ | ਇਸ ਕਰਕੇ ਉਹ ਕਿਸੇ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ | ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਉਕਤ ਦੇ ਬਿਆਨਾਂ 'ਤੇ ਪੁਲਿਸ ਵਲੋਂ ਬਣਦੀ ਅਗਾਮੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |