ਜਲੰਧਰ, 1 ਅਪ੍ਰੈਲ (ਐੱਮ. ਐੱਸ. ਲੋਹੀਆ)- ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ਼ ਕੁਝ ਪੀੜਤਾਂ ਨੇ ਇਕੱਠੇ ਹੋ ਕੇ ਪੱਤਰਕਾਰ ਸੰਮੇਲਨ ਕੀਤਾ, ਜਿਸ ਦੌਰਾਨ ਉਨ੍ਹਾਂ ਦੋਸ਼ ਲਗਾਏ ਕਿ ਟ੍ਰੈਵਲ ਏਜੰਟ ਖ਼ਿਲਾਫ਼ ਕਈ ਮੁਕੱਦਮੇ ਦਰਜ ਹੋ ਚੁੱਕੇ ਹਨ, ਜਿਸ ਦੇ ਬਾਵਜੂਦ ਪੁਲਿਸ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ | ਪੀੜਤ ਬਲਰਾਮ ਸਿੰਘ ਵਾਸੀ ਮਹਿਲਾਵਾਂਲੀ, ਹੁਸ਼ਿਆਰਪੁਰ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਜਾਣਕਾਰਾਂ ਨੇ ਮਿਸਟਰ ਵੀਜ਼ਾ ਨਾਂਅ ਦੀ ਟ੍ਰੈਵਲ ਏਜੰਸੀ ਦੇ ਮਾਲਕ ਸਿਕੰਦਰ ਸਿੰਘ ਕਟੋਚ ਤੋਂ ਨਿਊਜ਼ੀਲੈਂਡ ਜਾਣ ਲਈ ਆਪਣੇ ਵੀਜ਼ੇ ਲਗਵਾਏ ਸਨ, ਜਿਨ੍ਹਾਂ ਨੂੰ ਦੇਖ ਕੇ ਉਸ ਨੇ ਵੀ ਆਪਣੀ ਪਤਨੀ, ਭੈਣ ਅਤੇ ਜੀਜੇ ਦੇ ਦਸਤਾਵੇਜ਼ ਟ੍ਰੈਵਲ ਏਜੰਟ ਨੂੰ ਦੇ ਦਿੱਤੇ, ਜਿਸ ਨੇ ਉਨ੍ਹਾਂ ਤੋਂ 54 ਲੱਖ 50 ਹਜ਼ਾਰ ਰੁਪਏ ਲਏ ਅਤੇ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਵੀਜ਼ੇ ਲਗਾ ਕੇ ਦਿੱਤੇ | ਕੁਝ ਦਿਨ ਬਾਅਦ ਉਨ੍ਹਾਂ ਦੇ ਜਾਣਕਾਰਾਂ ਨੇ ਵਿਦੇਸ਼ ਜਾਣ ਦੀ ਤਿਆਰੀ ਕਰਦੇ ਹੋਏ ਆਪਣੀਆਂ ਹਵਾਈ ਟਿਕਟਾਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਟਿਕਟਾਂ ਜਾਅਲੀ ਹਨ | ਉਨ੍ਹਾਂ ਵਲੋਂ ਜਦੋਂ ਆਪਣੇ ਵੀਜ਼ਿਆਂ ਦੀ ਜਾਂਚ ਕਰਵਾਈ ਗਈ, ਤਾਂ ਉਹ ਵੀ ਜਾਅਲੀ ਪਾਏ ਗਏ | ਬਲਰਾਮ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਵੀ ਆਪਣੇ ਪਰਿਵਾਰ ਦੇ ਵੀਜ਼ਿਆਂ ਦੀ ਜਾਂਚ ਕਰਵਾਈ, ਤਾਂ ਉਹ ਵੀ ਜਾਅਲੀ ਪਾਏ ਗਏ | ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਹੋਰ ਵੀ ਪੀੜਤ ਸਾਹਮਣੇ ਆਏ | ਉਨ੍ਹਾਂ ਦੱਸਿਆ ਕਿ ਪੀੜਤ ਮਹਿਲ ਸਿੰਘ ਵਾਸੀ ਧਰਮਕੋਟ, ਮੋਗਾ, ਮਨੋਜ ਕੁਮਾਰ ਵਾਸੀ ਫਗਵਾੜਾ, ਨਿਤਿਸ਼ ਕੁਮਾਰ ਵਾਸੀ ਪਿੰਡ ਛਾਉਣੀ, ਹੁਸ਼ਿਆਰਪੁਰ ਅਤੇ ਹੋਰਾਂ ਨਾਲ ਵੀ ਇਸੇ ਤਰੀਕੇ ਲੱਖਾਂ ਰੁਪਏ ਦੀ ਠੱਗੀ ਹੋਈ ਹੈ | ਪੀੜਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਕਈ ਵਾਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ, ਪਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੇ ਬਾਵਜੂਦ ਵੀ ਕੋਈ ਬਣਦੀ ਕਾਰਵਾਈ ਨਹੀਂ ਕੀਤੀ |