ਜਲੰਧਰ, 26 ਮਾਰਚ (ਸ਼ੈਲੀ)-ਭਗਵਾਨ ਸ੍ਰੀ ਰਾਮ ਜੀ ਦੇ ਪਾਵਨ ਜਨਮ ਦਿਹਾੜੇ ਰਾਮ ਨੌਮੀ ਸ਼ਹਿਰ ਦੇ ਮੰਦਰਾਂ 'ਚ ਸ਼ਰਧਾ ਨਾਲ ਮਨਾਈ ਗਈ | ਇਸ ਦੌਰਾਨ ਮੰਦਰਾਂ 'ਚ ਸੰਕੀਰਤਨ ਹੋਏ ਭਗਵਾਨ ਸ੍ਰੀ ਰਾਮ ਜੀ ਦਾ ਗੁਣਗਾਣ ਕੀਤਾ | ਸ਼ਰਧਾਲੂਆਂ ਨੇ ਮੰਦਰਾਂ ਵਿਚ ਜਾ ਕੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਲਿਆ | ਇਸੇ ਦੌਰਾਨ ਜਲੰਧਰ ਵਿਚ ਸ੍ਰੀ ਰਾਮ ਨੌਮੀ ਮੌਕੇ ਇਕ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਸ੍ਰੀ ਰਾਮ ਚੌਕ ਕੰਪਨੀ ਬਾਗ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ, ਅੱਡਾ ਬਸਤੀ ਚੌਕ, ਪਟੇਲ ਚੌਕ, ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਖਿੰਗਰਾਂ ਗੇਟ, ਸ਼ਹੀਦ ਭਗਤ ਸਿੰਘ ਚੌਕ, ਫਗਵਾੜਾ ਗੇਟ ਤੋਂ ਹੁੰਦਾ ਹੋਇਆ ਸ੍ਰੀ ਰਾਮ ਚੌਕ ਕੰਪਨੀ ਬਾਗ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ 'ਚ ਵੱਡੀ ਗਿਣਤੀ ਵਿਚ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਇਸ ਦੌਰਾਨ ਸ਼ਰਧਾਲੂਆਂ ਨੇ ਰਸਤੇ ਵਿਚ ਕਈ ਤਰ੍ਹਾਂ ਦੇ ਖਾਣ-ਪੀਣ ਦੇ ਲੰਗਰ ਲਗਾਏ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਝਾਕੀਆਂ ਵੀ ਕੱਢੀਆਂ ਗਈਆਂ |