ਜਲੰਧਰ, 26 ਮਾਰਚ (ਜਸਪਾਲ ਸਿੰਘ)-ਸਮਾਜ ਸੇਵਕ ਧਰਮਿੰਦਰ ਸਿੰਘ ਸਿੱਧੂ ਨੇ ਸ਼ਹਿਰ 'ਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਸਾਲ ਨਹੀਂ ਸਗੋਂ ਹਰ ਮਹੀਨੇ ਸੜਕਾਂ 'ਤੇ ਗੱਡੀਆਂ 'ਤੇ ਦੋ ਪਹੀਆ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਟ੍ਰੈਫਿਕ ਦੀ ਸਮੱਸਿਆ ਵਧਣ ਨਾਲ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਪ੍ਰਮੁੱਖ ਸੜਕਾਂ ਅਤੇ ਚੌਕਾਂ 'ਚ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਹਾਲਾਂਕਿ ਟ੍ਰੈਫਿਕ ਪੁਲਿਸ ਵਲੋਂ ਕਈ ਚੌਕਾਂ 'ਤੇ ਕੈਮਰੇ ਲਗਾ ਕੇ ਲੋਕਾਂ ਦੇ ਈ-ਚਾਲਾਨ ਕੱਟ ਕੇ ਉਨ੍ਹਾਂ ਉੱਪਰ ਵਾਧੂ ਆਰਥਿਕ ਬੋਝ ਤਾਂ ਪਾਇਆ ਜਾ ਰਿਹਾ ਹੈ, ਪਰ ਟ੍ਰੈਫਿਕ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦੇ ਠੋਸ ਹੱਲ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਖਾਸ ਤੌਰ 'ਤੇ ਨਕੋਦਰ ਚੌਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਥੇ ਬੇਸ਼ੱਕ ਟ੍ਰੈਫਿਕ ਲਾਈਟਾਂ ਤੇ ਕੈਮਰੇ ਲੱਗੇ ਹੋਏ ਹਨ ਪਰ ਇਸ ਦੇ ਬਾਵਜੂਦ ਇਥੇ ਲੋਕਾਂ ਨੂੰ ਅਕਸਰ ਲੰਬੇ ਜਾਮ 'ਚ ਫਸਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਖੇਤਰਾਂ 'ਚ ਵੀ ਲੋਕਾਂ ਨੂੰ ਟ੍ਰੈਫਿਕ ਜਾਮ ਨਾਲ ਜੂਝਣਾ ਪੈਂਦਾ ਹੈ | ਉਨ੍ਹਾਂ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸੜਕਾਂ 'ਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਲ-ਨਾਲ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਕੀਤਾ ਜਾਣਾ ਚਾਹੀਦਾ ਹੈ |