ਜਲੰਧਰ, 19 ਫਰਵਰੀ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੇ ਨੈਸ਼ਨਲ ਸਕੂਲ ਆਫ਼ ਡਰਾਮਾ (ਐਨ.ਐਸ.ਡੀ.) ਦੇ ਦੁਨੀਆਂ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਥੀਏਟਰ ਫੈਸਟੀਵਲ 25ਵੇਂ ਭਾਰਤ ਰੰਗ ਮਹਾਂਉਤਸਵ (ਬੀ.ਆਰ.ਐਮ.) 2026 ਦੇ ਜਲੰਧਰ ਚੈਪਟਰ ਦੀ ਮੇਜ਼ਬਾਨੀ ਕੀਤੀ | ਤਿੰਨ ਯਾਦਗਾਰੀ ਦਿਨਾਂ 'ਚ ਕੈਂਪਸ ਲਾਈਵ ਕਹਾਣੀ ਸੁਣਾਉਣ, ਲੋਕ ਪਰੰਪਰਾਵਾਂ ਤੇ ਨਾਟਕ ਦੀ ਸ਼ਾਨਦਾਰ ਕਲਾ ਦਾ ਕੇਂਦਰ ਬਣ ਗਿਆ | ਇਸ ਮੌਕੇ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਤੇ ਸੰਸਦ ਮੈਂਬਰ ਡਾ. ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ, ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ, ਕਾਰਜਕਾਰੀ ਡੀਨ ਡਾ. ਸੌਰਭ ਲਖਨਪਾਲ ਅਤੇ ਐਨ.ਐਸ.ਡੀ. ਤਕਨੀਕੀ ਕੋਆਰਡੀਨੇਟਰ ਰਾਜਿੰਦਰ ਸਿੰਘ ਵੀ ਮੌਜੂਦ ਸਨ | ਇਹ ਥੀਏਟਰ ਫੈਸਟ ਐਨ.ਐਸ.ਡੀ. ਦੇ ਡਾਇਰੈਕਟਰ ਚਿਤਰੰਜਨ ਤਿ੍ਪਾਠੀ ਦੀ ਅਗਵਾਈ ਹੇਠ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਕਲਾਤਮਕ ਦਿ੍ਸ਼ਟੀਕੋਣ ਦੇ ਨਾਲ ਕਰਵਾਇਆ ਗਿਆ | ਇਸ ਫੈਸਟ ਦੀ ਸ਼ੁਰੂਆਤ ਪ੍ਰਸਿੱਧ ਹਿੰਦੀ-ਉਰਦੂ ਲੇਖਕ ਸ੍ਰੀ ਕਿਸ਼ਨ ਚੰਦਰ ਦੀਆਂ ਮਸ਼ਹੂਰ ਰਚਨਾਵਾਂ ਤੋਂ ਪ੍ਰੇਰਿਤ ਤੇ ਪ੍ਰਸਿੱਧ ਥੀਏਟਰ ਕਲਾਕਾਰ ਸ੍ਰੀ ਮੁਸ਼ਤਾਕ ਕਾਕ ਦੁਆਰਾ ਨਿਰਦੇਸ਼ਤ ਨਾਟਕ 'ਲਮਹੋਂ ਕੀ ਮੁਲਾਕਾਤ' ਨਾਲ ਹੋਈ | ਦੂਜੇ ਦਿਨ ਆਰਥਰ ਮਿਲਰ ਦਾ ਪ੍ਰਸ਼ੰਸਾਯੋਗ ਨਾਟਕ 'ਦ ਪ੍ਰਾਈਸ' ਸ੍ਰੀ ਸ਼ੁੱਧੋ ਬੈਨਰਜੀ ਦੁਆਰਾ ਨਿਰਦੇਸ਼ਤ ਤੇ ਸਾਂਝ ਬਾਤੀ ਫਾਊਾਡੇਸ਼ਨ ਦਿੱਲੀ ਦੁਆਰਾ ਪੇਸ਼ ਕੀਤਾ ਗਿਆ | ਇਸ ਫੈਸਟ ਦਾ ਅੰਤ ਪੰਚਨੋ ਵੇਸ਼ ਨਾਲ ਹੋਇਆ, ਜੋ ਕਿ ਗੁਜਰਾਤ ਦੇ ਇੱਕ ਜੀਵੰਤ ਲੋਕ ਥੀਏਟਰ ਰੂਪ ਭਵਾਈ ਦਾ ਇੱਕ ਸ਼ਕਤੀਸ਼ਾਲੀ ਨਿਰਮਾਣ ਹੈ, ਜੋ ਕਿ ਸ਼੍ਰੀ ਰਾਜੂ ਬਾਰੋਟ ਦੇ ਨਿਰਦੇਸ਼ਨ ਹੇਠ ਅਹਿਮਦਾਬਾਦ ਥੀਏਟਰ ਗਰੁੱਪ ਦੁਆਰਾ ਪੇਸ਼ ਕੀਤਾ ਗਿਆ ਸੀ ¢ ਡਾ. ਅਸ਼ੋਕ ਮਿੱਤਲ ਨੇ ਸਮਾਜ ਦੇ ਸ਼ੀਸ਼ੇ ਤੇ ਡੂੰਘੇ ਮਨੁੱਖੀ ਸਬੰਧਾਂ ਦੇ ਮਾਧਿਅਮ ਵਜੋਂ ਥੀਏਟਰ ਦੀ ਸਥਾਈ ਸ਼ਕਤੀ 'ਤੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਅਹਿਮ ਰੋਲ ਅਦਾ ਕਰਦੇ ਹਨ ਤੇ ਐਲ.ਪੀ.ਯੂ. ਅਜਿਹੀਆਂ ਇਨਕਲਾਬੀ ਸੱਭਿਆਚਾਰਕ ਲਹਿਰਾਂ ਦਾ ਇੱਕ ਸਰਗਰਮ ਹਿੱਸਾ ਬਣਿਆ ਰਹੇਗਾ |