ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਅਤੇ ਤਹਿਸੀਲ ਫਗਵਾੜਾ ਜੀ.ਟੀ.ਯ.ੂ ਦੇ ਆਗੂ ਦਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਸੈਸ਼ਨ 2025-2026 ਦੀਆਂ ਸਮੱਗਰਾ ਸਿੱਖਿਆ ਤਹਿਤ ਪ੍ਰਾਪਤ ਹੋਈਆਂ ਗ੍ਰਾਂਟਾਂ ਨੂੰ ਨਾ ਖਰਚਣ ਲਈ ਜ਼ਿਲ੍ਹਾ ਦਫਤਰਾਂ ਵਲੋਂ ਜ਼ਬਾਨੀ ਰੋਕ ਲਗਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਲੋਂ ਪੀ.ਪੀ.ਏ. ਬਣਾ ਕੇ ਬੈਂਕ ਵਿਚ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਬੈਂਕਾਂ ਰਾਹੀਂ ਫੇਲ੍ਹ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਵੈਂਡਰ ਨੂੰ ਕਿਸੇ ਕਿਸਮ ਦੀ ਅਦਾਇਗੀ ਨਾ ਕੀਤੀ ਜਾ ਸਕੇ, ਜਿਸ ਕਾਰਨ ਅਧਿਆਪਕਾਂ ਅੰਦਰ ਵੱਡੀ ਪੱਧਰ 'ਤੇ ਰੋਸ ਪਾਇਆ ਜਾ ਰਿਹਾ | ਅਦਾਇਗੀ ਨਾ ਹੋਣ ਕਾਰਨ ਸਕੂਲਾਂ ਦਾ ਹਰ ਤਰ੍ਹਾਂ ਦਾ ਕੰਮ ਕਮਰਿਆਂ, ਬਾਥਰੂਮਾਂ ਦਾ ਅਤੇ ਹੋਰ ਜ਼ਰੂਰੀ ਸਾਰਾ ਕੰਮ ਰੁਕ ਗਿਆ ਹੈ | ਅਧਿਆਪਕ ਆਗੂਆਂ ਨੇ ਦੱਸਿਆ ਕਿ ਗ੍ਰਾਂਟਾਂ ਨੂੰ ਖਰਚਣ ਲਈ ਵਿੱਤੀ ਸੀਮਾ 31 ਮਾਰਚ ਤੱਕ ਦੀ ਹੈ ਪਰ ਹੁਣ ਤੋਂ ਹੀ ਪੰਜਾਬ ਸਰਕਾਰ ਦੇ ਹਾਲਾਤ ਇੰਨੇ ਖਸਤਾ ਹੋਏ ਹੋਏ ਹਨ ਕਿ ਗ੍ਰਾਂਟਾਂ ਨੂੰ ਕਦੇ ਵੀ ਵਾਪਸ ਲਿਆ ਜਾ ਸਕਦਾ ਹੈ | ਵੈਂਡਰ ਵੀ ਅਧਿਆਪਕਾਂ ਨੂੰ ਕਿਸੇ ਕਿਸਮ ਦਾ ਸਮਾਨ ਦੇਣ ਤੋਂ ਇਨਕਾਰ ਕਰ ਰਹੇ ਹਨ | ਜਿਨ੍ਹਾਂ ਵੈਂਡਰਾ ਨੇ ਸਮਾਨ ਦਿੱਤਾ ਹੈ ਤੇ ਉਹ ਅਧਿਆਪਕਾਂ ਕੋਲੋਂ ਆਪਣੇ ਪੈਸੇ ਮੰਗ ਰਹੇ ਹਨ | ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਗ੍ਰਾਂਟਾਂ ਨੂੰ 31 ਮਾਰਚ ਤੱਕ ਖਰਚਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ ਤਾਂ ਜੋ ਅਧਿਆਪਕ ਬਿਨਾਂ ਕਿਸੇ ਮਾਨਸਿਕ ਪਰੇਸ਼ਾਨੀ ਤੋਂ ਬਚਦੇ ਹੋਏ ਗ੍ਰਾਂਟਾ ਚੰਗੇ ਢੰਗ ਨਾਲ ਖਰਚ ਸਕਣ |