ਡੱਬਵਾਲੀ, 17 ਮਈ (ਇਕਬਾਲ ਸਿੰਘ ਸ਼ਾਂਤ)-ਰਾਜਸਥਾਨ ਦੇ ਰਾਜਿਆਸਰ ਥਾਣਾ ਪੁਲਿਸ ਵੱਲੋਂ ਅੱਜ ਅੰਮਿ੍ਤਸਰ-ਜਾਮਨਗਰ ਐਕਸਪ੍ਰੈੱਸ-ਵੇ 'ਤੇ ਨਾਕਾਬੰਦੀ ਦੌਰਾਨ ਡੱਬਵਾਲੀ ਖੇਤਰ ਦੇ ਦੋ ਨੌਜਵਾਨਾਂ ਨੂੰ 2 ਕਿਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਤਸਕਰੀ 'ਚ ਵਰਤੀ ਕਾਰ ਵੀ ਜ਼ਬਤ ਕੀਤੀ ਹੈ | ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਐਸ.ਪੀ. ਹਰੀ ਸ਼ੰਕਰ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਚਲਾਏ ਜਾ ਰਹੇ 'ਆਪ੍ਰੇਸ਼ਨ ਸੀਮਾ ਸੰਕਲਪ' ਤਹਿਤ ਰਾਜਿਆਸਰ ਥਾਣਾ ਦੇ ਮੁਖੀ ਚੰਦਰਭਾਨ ਨੂੰ ਇੱਕ ਮੁਖਬਰੀ ਮਿਲੀ ਕਿ ਐਕਸਪ੍ਰੈੱਸ-ਵੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ | ਪੁਲਿਸ ਨੇ ਰੋਹੀ ਏਟਾ ਨੇੜੇ ਨਾਕਾ ਲਗਾ ਕੇ ਇੱਕ ਸ਼ੱਕੀ ਕਾਰ ਨੂੰ ਰੁਕਵਾਇਆ | ਤਲਾਸ਼ੀ ਦੌਰਾਨ ਕਾਰ ਵਿੱਚੋਂ ਚਾਰ ਪਲਾਸਟਿਕ ਥੈਲੀਆਂ 'ਚ ਲੁਕਾ ਕੇ ਰੱਖੀ 2 ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ 40 ਸਾਲਾ ਅਸ਼ਵਨੀ ਅਤੇ 28 ਸਾਲਾ ਸੁਸ਼ੀਲ ਵਾਸੀ ਪਿੰਡ ਜੰਡਵਾਲਾ ਬਿਸ਼ਨੋਈਆਂ (ਡੱਬਵਾਲੀ) ਵਜੋਂ ਹੋਈ ਹੈ | ਰਾਜਿਆਸਰ ਥਾਣਾ ਪੁਲਿਸ ਨੇ ਦੋਵਾਂ ਮੁਲਜਮਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਅਗਾਮੀ ਜਾਂਚ ਸੂਰਤਗੜ੍ਹ ਸਦਰ ਥਾਣਾ ਦੇ ਸਬ ਇੰਸਪੈਕਟਰ ਓਮਪ੍ਰਕਾਸ਼ ਨੂੰ ਸੌਂਪੀ ਗਈ ਹੈ | ਕਾਰਵਾਈ 'ਚ ਰਾਜਿਆਸਰ ਥਾਣੇ ਦੇ ਕਾਂਸਟੇਬਲ ਪਰਤਾਰਾਮ ਦੀ ਵਿਸ਼ੇਸ਼ ਭੂਮਿਕਾ ਰਹੀ |