ਗੂਹਲਾ ਚੀਕਾ, 22 ਜਨਵਰੀ (ਓ.ਪੀ. ਸੈਣੀ)-ਸਬ ਡਵੀਜਨ ਪੱਧਰੀ ਗਣਤੰਤਰ ਦਿਵਸ ਸਮਾਰੋਹ ਸਰਕਾਰੀ ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ ਚੀਕਾ ਦੇ ਮੈਦਾਨ 'ਚ ਆਯੋਜਿਤ ਕੀਤਾ ਜਾਵੇਗਾ | ਵੱਖ-ਵੱਖ ਸਕੂਲਾਂ ਦੇ ਬੱਚੇ ਇਸ ਪ੍ਰੋਗਰਾਮ ਲਈ ਉਤਸ਼ਾਹ ਨਾਲ ਤਿਆਰੀ ਕਰ ਰਹੇ ਹਨ, ਜਦਕਿ ਪ੍ਰਸਾਸ਼ਨਿਕ ਤਿਆਰੀਆਂ ਪੂਰੇ ਜੋਰਾਂ 'ਤੇ ਹਨ | ਸਾਰੇ ਵਿਭਾਗ ਸ਼ਾਨਦਾਰ ਸਮਾਗਮ ਲਈ ਆਪਣੀਆਂ ਤਿਆਰੀਆਂ ਪੂਰੀਆਂ ਕਰ ਰਹੇ ਹਨ | ਸਮਾਰੋਹ ਨੂੰ ਇੰਟਰਸਟਿਡ ਬਣਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਦੀ ਲਗਾਤਾਰ ਰਿਹਰਸਲ ਕੀਤੀ ਜਾ ਰਹੀ ਹੈ | ਕੋਚ ਬੱਚਿਆਂ ਦੇ ਸੱਭਿਆਚਾਰਕ ਪ੍ਰਦਰਸ਼ਨਾਂ ਦੀ ਬਰੀਕੀ ਨਾਲ ਸਮੀਖਿਆ ਕਰ ਰਹੇ ਹਨ ਤੇ ਉਨ੍ਹਾਂ ਨੂੰ ਤਿਆਰ ਕਰ ਰਹੇ ਹਨ | ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ 18 ਜਨਵਰੀ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਕਾ ਵਿਖੇ ਮਾਰਚ ਪਾਸਟ, ਸਰੀਰਕ ਸਿਖਲਾਈ ਸੋਅ, ਡੰਬਲ, ਲੀਜਨ, ਯੋਗਾ ਤੇ ਸੱਭਿਆਚਾਰਕ ਪ੍ਰੋਗਰਾਮਾਂ ਲਈ ਲਗਾਤਾਰ ਅਭਿਆਸ ਕਰ ਰਹੇ ਹਨ | ਗਣਤੰਤਰ ਦਿਵਸ ਸਮਾਰੋਹ ਲਈ ਅੰਤਿਮ ਰਿਹਰਸਲ 24 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਕਾ ਦੇ ਮੈਦਾਨ ਵਿਚ ਹੋਵੇਗੀ | ਸਮਾਗਮ 'ਚ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਰਿਆਣਵੀ ਨਾਚ ਅਤੇ ਭੰਗੜਾ, ਵੰਦੇ ਮਾਤਰਮ ਅਤੇ ਰਾਸ਼ਟਰੀ ਗੀਤ, ਸਰਕਾਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਪੰਜਾਬੀ ਗਿੱਧਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਹਰਿਆਣਵੀ ਨਾਚ ਅਤੇ ਇਕ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਨਸ਼ਾ ਛੁਡਾਊ 'ਤੇ ਇਕ ਸਕਿੱਟ ਸ਼ਾਮਿਲ ਹੋਵੇਗੀ | ਸਮਾਰੋਹ ਲਈ ਹਰਿਆਣਾ ਪੁਲਿਸ, ਐਨ. ਸੀ. ਸੀ. ਤੇ ਗਰਲ ਗਾਈਡਾਂ ਦੀਆਂ ਟੁਕੜੀਆਂ ਇਕ ਸ਼ਾਨਦਾਰ ਮਾਰਚ ਪਾਸਟ ਲਈ ਲਗਾਤਾਰ ਅਭਿਆਸ ਕਰ ਰਹੀਆਂ ਹਨ | ਇਸ ਗਣਤੰਤਰ ਦਿਵਸ ਸਮਾਰੋਹ ਵਿਚ ਝਾਕੀਆਂ ਖਿੱਚ ਦਾ ਕੇਂਦਰ ਹੋਣਗੀਆਂ, ਜਿਸ 'ਚ ਬਿਜਲੀ ਵਿਭਾਗ, ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਝਾਕੀਆਂ ਸ਼ਾਮਿਲ ਹਨ |