09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਦੋਂ ਪਊ ਨਸ਼ਿਆਂ ਨੂੰ ਠੱਲ੍ਹ

ਕਦੋਂ ਪਊ ਨਸ਼ਿਆਂ ਨੂੰ ਠੱਲ੍ਹ

ਅਜੀਤ ਡੈਸਕ 09-09-2026

ਕਦੋਂ ਪਊ ਨਸ਼ਿਆਂ ਨੂੰ  ਠੱਲ੍ਹ

ਹਰ ਰੋਜ਼ ਅਖ਼ਬਾਰਾਂ 'ਚ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤ ਦਾ ਅੰਕੜਾ ਦਿਨ-ਬ-ਦਿਨ ਘਟਣ ਦੀ ਬਜਾਏ ਵਧ ਰਿਹਾ ਹੈ | ਭਾਵੇਂ ਮੌਜੂਦਾ ਸਰਕਾਰ ਨੇ ਪੰਜਾਬ ਨੂੰ  ਨਸ਼ਾ ਮੁਕਤ ਕਰਨ ਲਈ ਕੁਝ ਕੁ ਸਾਰਥਕ ਯਤਨ ਵੀ ਕੀਤੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ |
ਨਸ਼ਿਆਂ ਨੂੰ  ਠੱਲ੍ਹ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਨੌਜਵਾਨਾਂ ਨੂੰ  ਰੁਜ਼ਗਾਰ ਮੁਹੱਈਆ ਕਰਵਾਉਣਾ ਕਿਉਂਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਵਿਚ ਬੇਚੈਨੀ, ਚਿੰਤਾ ਤੇ ਮਾਨਸਿਕ ਤਣਾਅ ਪੈਦਾ ਹੋ ਰਿਹਾ ਹੈ, ਜੋ ਉਨ੍ਹਾਂ ਨੂੰ  ਨਸ਼ਿਆਂ ਦੀ ਦਲਦਲ ਵਿਚ ਧੱਕ ਰਿਹਾ ਹੈ |
ਅੱਜ ਪੰਜਾਬ ਦਾ ਨੌਜਵਾਨ ਜਾਂ ਤਾਂ ਨਸ਼ਿਆਂ ਦੀ ਦਲਦਲ ਵਿਚ ਧੱਸ ਚੁੱਕਿਆ ਹੈ ਜਾਂ ਆਪਣੇ ਚੰਗੇਰੇ ਭਵਿੱਖ ਲਈ ਮਾਪਿਆਂ ਨੂੰ  ਕਰਜ਼ਈ ਕਰ ਕੇ, ਏਜੰਟਾਂ ਦੇ ਚੁੰਗਲ ਵਿਚ ਫਸ ਕੇ ਗ਼ੈਰ-ਕਾਨੂੰਨੀ ਪ੍ਰਵਾਸ ਕਰ ਰਿਹਾ ਹੈ ਇਸ ਲਈ ਸਰਕਾਰ ਨੂੰ  ਨੌਜਵਾਨਾਂ ਨੂੰ  ਸਵੈਨਿਰਭਰ ਬਣਾਉਣ ਲਈ ਪਹਿਲ ਦੇ ਆਧਾਰ 'ਤੇ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ ਨਾ ਕਿ ਮੁਫ਼ਤ ਸਹੂਲਤਾਂ ਦੇ ਕੇ ਡੰਗ ਟਪਾਉਣਾ ਚਾਹੀਦਾ ਹੈ | ਸਰਕਾਰ ਨੂੰ  ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੱਢਣਾ ਚਾਹੀਦਾ ਹੈ |

-ਕੈਲਾਸ਼ ਠਾਕੁਰ
ਪਿੰਡ ਬਰਮਲਾ, ਨੰਗਲ ਟਾਊਨਸ਼ਿਪ |

ਵਧ ਰਹੇ ਬਜ਼ੁਰਗ ਆਸ਼ਰਮ

ਮਨੁੱਖੀ ਰਿਸ਼ਤੇ ਦਾ ਆਪਣਾ-ਆਪਣਾ ਖ਼ਾਸ ਮਹੱਤਵ ਹੈ | ਔਲਾਦ ਦਾ ਆਪਣੇ ਮਾਤਾ-ਪਿਤਾ ਨਾਲ ਵੀ ਰਿਸ਼ਤਾ ਅਸੀਮ ਸੁੱਖ ਦੇਣ ਵਾਲਾ ਹੈ | ਦੁਨੀਆ ਦੀ ਬਹੁ-ਗਿਣਤੀ ਵਿਖਾਵੇ ਵਿਚ ਫਸੀ ਹੋਣ ਦੇ ਕਾਰਨ ਮਨੁੱਖੀ ਫਰਜ਼ਾਂ ਨੂੰ  ਭੁਲਾਈ ਬੈਠੀ ਹੈ | ਅੱਜ ਤੋਂ ਕੁਝ ਚਿਰ ਪਹਿਲਾਂ ਪੰਜਾਬ ਅੰਦਰ ਬਿਰਧ ਆਸ਼ਰਮ ਨਾਂਅ ਦੀ ਕੋਈ ਵੀ ਸੰਸਥਾ ਵੇਖਣ ਨੂੰ  ਨਹੀਂ ਸੀ ਮਿਲਦੀ ਪਰ ਅੱਜ ਪੰਜਾਬ ਵਿਚ ਵਧ ਰਹੀਆਂ ਬਿਰਧ ਆਸ਼ਰਮ ਨਾਂਅ ਦੀਆਂ ਸੰਸਥਾਵਾਂ ਪੰਜਾਬ ਦੇ ਮੱਥੇ 'ਤੇ ਕਲੰਕ ਹਨ | 
ਇਨ੍ਹਾਂ ਬਿਰਧ ਆਸ਼ਰਮਾਂ ਵਿਚ ਉਹ ਬਜ਼ੁਰਗ ਜਾਣ. ਜਿਨ੍ਹਾਂ ਦਾ ਕੋਈ ਧੀ-ਪੁੱਤਰ ਨਹੀਂ ਜਾਂ ਕੋਈ ਰਿਸ਼ਤੇਦਾਰ ਨਹੀਂ, ਤਾਂ ਕੋਈ ਹਰਜ਼ ਨਹੀਂ ਪਰ ਜ਼ਿਆਦਾਤਰ ਇਨ੍ਹਾਂ ਆਸ਼ਰਮਾਂ ਅੰਦਰ ਉਹ ਬਜ਼ੁਰਗ ਹਨ, ਜਿਹੜੇ ਖ਼ੁਦ ਔਲਾਦ ਵਾਲੇ ਹੁੰਦੇ ਹਨ ਪਰ ਕੀ ਕਾਰਨ ਹਨ ਕਿ ਇਨ੍ਹਾਂ ਦੇ ਬੱਚੇ ਇਨ੍ਹਾਂ ਨੂੰ  ਘਰ ਰੱਖਣ ਲਈ ਤਿਆਰ ਨਹੀਂ? ਜਿਹੜੇ ਮਨੁੱਖ ਆਪਣੇ ਬਜ਼ੁਰਗਾਂ ਨੂੰ  ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ ਉਨ੍ਹਾਂ ਨੂੰ  ਆਪਣੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ ਹੈ | ਸਾਡੇ ਬੱਚੇ ਵੀ ਸਾਡੇ ਨਾਲ ਇਹੋ ਜਿਹਾ ਹੀ ਸਲੂਕ ਕਰਨਗੇ? ਬਜ਼ੁਰਗਾਂ ਦੀ ਸੇਵਾ ਛੱਡ ਕੇ ਤੀਰਥਾਂ 'ਤੇ ਇਸ਼ਨਾਨ ਕਰਨੇ, ਪੁੰਨ ਦਾਨ ਕਰਨਾ ਸਭ ਵਿਅਰਥ ਹਨ | ਆਓ, ਪੰਜਾਬ ਵਾਸੀਓ, ਬਿਰਧ ਆਸ਼ਰਮ ਜੋ ਵਧ ਰਹੇ ਹਨ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ | ਇਸ ਨੂੰ  ਠੱਲ੍ਹ ਤਾਂ ਹੀ ਪਾਈ ਜਾ ਸਕਦੀ ਹੈ, ਜੇ ਅਸੀਂ ਆਪਣੇ ਬਜ਼ੁਰਗਾਂ ਨੂੰ  ਘਰਾਂ ਅੰਦਰ ਸਨਮਾਨ ਦੇਈਏ ਅਤੇ ਉਨ੍ਹਾਂ ਦਾ ਪਿਆਰ ਮਾਣੀਏ, ਇਹੋ ਹੀ ਬੈਕੁੰਠ ਹੈ |

-ਰਿੰਕਲ ਮੁੱਖ ਅਧਿਆਪਕਾ
ਫਿਰੋਜ਼ਪੁਰ |

ਜ਼ਿੰਦਗੀ ਨੂੰ  ਸਮਝਣ ਦੀ ਲੋੜ

ਇਨਸਾਨ ਦੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਤਾਕਤ ਸਿਰਫ਼ ਧਨ, ਅਹੁਦਾ ਜਾਂ ਸੱਤਾ ਨਹੀਂ ਹੁੰਦੀ, ਸਭ ਤੋਂ ਵੱਡੀ ਤਾਕਤ ਗਿਆਨ ਹੁੰਦਾ ਹੈ | ਜਿਹੜਾ ਮਨੁੱਖ ਪੜ੍ਹਦਾ ਹੈ, ਉਹ ਸਿਰਫ਼ ਕਿਤਾਬ ਦੇ ਅੱਖਰ ਨਹੀਂ ਪੜ੍ਹਦਾ, ਸਗੋਂ ਆਪਣੇ ਆਲੇ-ਦੁਆਲੇ ਵਾਪਰ ਰਹੀ ਦੁਨੀਆ ਨੂੰ  ਪੜ੍ਹਨਾ ਸਿਖਦਾ ਹੈ | ਉਹ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਮਾਜ ਵਿਚ ਅਮੀਰੀ-ਗਰੀਬੀ ਕਿਉਂ ਹੈ, ਬੇਰੁਜ਼ਗਾਰੀ ਕਿਉਂ ਹੈ, ਮਿਹਨਤ ਕਰਨ ਵਾਲੇ ਨੂੰ  ਉਸ ਦੀ ਮਿਹਨਤ ਦਾ ਪੂਰਾ ਮੁੱਲ ਕਿਉਂ ਨਹੀਂ ਮਿਲਦਾ ਅਤੇ ਆਮ ਮਨੁੱਖ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਕਿਉਂ ਘਿਰੀ ਹੋਈ ਹੈ | ਮਜ਼ਦੂਰ, ਕਿਸਾਨ, ਵਿਦਿਆਰਥੀ ਜਾਂ ਆਮ ਨਾਗਰਿਕ ਹਰ ਮਨੁੱਖ ਲਈ ਸਿੱਖਿਆ ਜ਼ਰੂਰੀ ਹੈ | ਸਿੱਖਿਆ ਦਾ ਮਤਲਬ ਕੇਵਲ ਡਿਗਰੀ ਹਾਸਿਲ ਕਰਨਾ ਨਹੀਂ | ਅਸਲ ਸਿੱਖਿਆ ਉਹ ਹੈ ਜੋ ਮਨੁੱਖ ਨੂੰ  ਸਵਾਲ ਪੁੱਛਣਾ ਸਿਖਾਵੇ | ਜਿਹੜਾ ਮਨੁੱਖ ਸਵਾਲ ਪੁੱਛਣਾ ਛੱਡ ਦਿੰਦਾ ਹੈ, ਉਹ ਹੌਲੀ-ਹੌਲੀ ਦੂਜਿਆਂ ਵਲੋਂ ਬਣਾਈ ਸੋਚ ਨੂੰ  ਆਪਣੀ ਸੋਚ ਸਮਝਣ ਲੱਗ ਪੈਂਦਾ ਹੈ | ਅੱਜ ਮਿਹਨਤ ਕਰਨ ਵਾਲਾ ਮਨੁੱਖ ਸਵੇਰ ਤੋਂ ਸ਼ਾਮ ਤੱਕ ਆਪਣਾ ਪਸੀਨਾ ਵਹਾਉਂਦਾ ਹੈ, ਪਰ ਫਿਰ ਵੀ ਉਸ ਦੇ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ | ਇਸ ਦਾ ਹੱਲ ਸਿਰਫ਼ ਹਮਦਰਦੀ ਨਹੀਂ, ਇਸ ਦੇ ਕਾਰਨਾਂ ਨੂੰ  ਸਮਝਣਾ ਵੀ ਜ਼ਰੂਰੀ ਹੈ |
 ਜਦੋਂ ਮਨੁੱਖ ਪੜ੍ਹਦਾ ਹੈ, ਉਹ ਆਪਣੇ ਹੱਕਾਂ, ਫ਼ਰਜ਼ਾਂ, ਕਾਨੂੰਨਾਂ ਅਤੇ ਸਮਾਜਿਕ ਢਾਂਚੇ ਬਾਰੇ ਜਾਣਦਾ ਹੈ | ਫਿਰ ਉਹ ਸਿਰਫ਼ ਆਪਣੀ ਕਿਸਮਤ ਨੂੰ  ਦੋਸ਼ ਨਹੀਂ ਦਿੰਦਾ, ਸਗੋਂ ਹਾਲਾਤਾਂ ਨੂੰ  ਸਮਝਣ ਅਤੇ ਬਦਲਣ ਦੀ ਕੋਸ਼ਿਸ਼ ਕਰਦਾ ਹੈ | ਇਕ ਪੜਿ੍ਹਆ-ਲਿਖਿਆ ਸਮਾਜ ਉਹ ਨਹੀਂ ਜਿੱਥੇ ਹਰ ਹੱਥ ਵਿਚ ਸਰਟੀਫਿਕੇਟ ਹੋਵੇ | ਅਸਲ ਪੜਿ੍ਹਆ-ਲਿਖਿਆ ਸਮਾਜ ਉਹ ਹੈ ਜਿੱਥੇ ਲੋਕ ਸਵਾਲ ਕਰਨ ਤੋਂ ਨਾ ਡਰਨ, ਅਨਿਆਂ ਨੂੰ  ਆਮ ਨਾ ਮੰਨਣ ਅਤੇ ਆਪਣੇ ਭਵਿੱਖ ਬਾਰੇ ਖ਼ੁਦ ਦੇ ਫ਼ੈਸਲਾ ਲੈਣ |

-ਮੰਜੂ ਰਾਇਕਾ

ਪਿਛਲੀ ਖ਼ਬਰ ਸਰਕਾਰ ਵਲੋਂ 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ ’ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ-ਚੀਮਾ ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ | ¸ਜੌਨ ਐਵਲਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।