26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਇੱਕ ਪੁਰਾਣੇ ਲੱਕੜ ਦੇ ਢਾਂਚੇ ਤੋਂ ਪਤਾ ਲੱਗ ਸਕਦਾ ਹੈ ਕਿ ਪ੍ਰਾਚੀਨ ਬ੍ਰਿਟੇਨ ਵਾਸੀਆਂ ਨੇ ਸੂਰਜ ਦੀ ਚਾਲ ਨੂੰ ਪਹਿਲੀ ਵਾਰ ਕਿਵੇਂ ਟਰੈਕ ਕੀਤਾ - ਖੋਜ ਰਿਪੋਰਟ

ਅਜੀਤ ਡੈਸਕ 24-06-2026
ਲੰਡਨ, 23 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੁਰਾਤੱਤਵ ਵਿਗਿਆਨੀਆਂ ਨੂੰ ਸਟੋਨਹੈਂਜ ਦੇ ਨੇੜੇ ਇੱਕ ਬਹੁਤ ਹੀ ਮਹੱਤਵਪੂਰਨ ਖੋਜ ਮਿਲੀ ਹੈ, ਜਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਵਿਸ਼ਵ ਪ੍ਰਸਿੱਧ ਪੱਥਰ ਦੇ ਸਰਕਲ ਦੇ ਬਣਨ ਤੋਂ ਸਦੀਆਂ ਪਹਿਲਾਂ ਹੀ ਇੱਥੋਂ ਦੇ ਪ੍ਰਾਚੀਨ ਲੋਕ ਸੂਰਜ ਦੀ ਚਾਲ ਅਤੇ ਬਦਲਦੇ ਮੌਸਮਾਂ ਨੂੰ ਸਮਝ ਚੁੱਕੇ ਸਨ। ਸਟੋਨਹੈਂਜ ਤੋਂ ਮਹਿਜ਼ 3 ਮੀਲ (5 ਕਿਲੋਮੀਟਰ) ਦੂਰ ਬੁਲਫੋਰਡ ਪਿੰਡ ਨੇੜੇ ਲਗਭਗ 5,000 ਸਾਲ ਪੁਰਾਣਾ ਇੱਕ ਅਜਿਹਾ ਢਾਂਚਾ ਮਿਲਿਆ ਹੈ, ਜੋ ਲੱਕੜ ਦਾ ਬਣਿਆ ਹੋਇਆ ਸੀ। ‘ਵੈਸੈਕਸ ਆਰਕੀਓਲੋਜੀ’ ਦੀ ਟੀਮ ਵੱਲੋਂ ਕੀਤੀ ਗਈ ਇਹ ਖੋਜ ਸਟੋਨਹੈਂਜ ਦੇ ਵੱਡੇ ਪੱਥਰ ਲਗਾਏ ਜਾਣ ਤੋਂ ਲਗਭਗ 500 ਸਾਲ ਪਹਿਲਾਂ (ਯਾਨੀ 2950 ਈਸਾ ਪੂਰਵ) ਦੀ ਦੱਸੀ ਜਾ ਰਹੀ ਹੈ। ਇਹ ਖੋਜ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਲਈ ਬਣਾਏ ਜਾ ਰਹੇ ਰਿਹਾਇਸ਼ੀ ਪ੍ਰੋਜੈਕਟ ਦੀ ਖੁਦਾਈ ਦੌਰਾਨ ਹੋਈ। ਪੁਰਾਤੱਤਵ ਵਿਗਿਆਨੀਆਂ ਨੂੰ ਇੱਥੇ ਲੱਕੜ ਦੇ ਦੋ ਵੱਡੇ ਅਤੇ ਮਜ਼ਬੂਤ ਖੰਭੇ ਗੱਡਣ ਲਈ ਬਣਾਏ ਗਏ ਟੋਏ ਮਿਲੇ ਹਨ, ਜੋ ਇੱਕ ਦੂਜੇ ਤੋਂ ਲਗਭਗ 120 ਮੀਟਰ (400 ਫੁੱਟ) ਦੀ ਦੂਰੀ ‘ਤੇ ਸਨ। ਜਦੋਂ ਮਾਹਿਰਾਂ ਨੇ ਇਸ ਜਗ੍ਹਾ ਦਾ ਨਕਸ਼ਾ ਤਿਆਰ ਕੀਤਾ, ਤਾਂ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ। ਇਹ ਦੋਵੇਂ ਖੰਭੇ ਬਿਲਕੁਲ ਉਸੇ 50-ਡਿਗਰੀ ਦੇ ਕੋਣ ‘ਤੇ ਸਨ, ਜਿਸ ‘ਤੇ ਬਾਅਦ ਵਿੱਚ ਸਟੋਨਹੈਂਜ ਨੂੰ ਬਣਾਇਆ ਗਿਆ ਸੀ। ਇਹ ਸਿੱਧੀ ਲਾਈਨ ਇੱਕ ਪਾਸੇ ਤੋਂ ਗਰਮੀਆਂ ਦੇ ਸਭ ਤੋਂ ਲੰਬੇ ਦਿਨ ਦੇ ਸੂਰਜ ਚੜ੍ਹਨ ਦੀ ਦਿਸ਼ਾ ਅਤੇ ਦੂਜੇ ਪਾਸੇ ਤੋਂ ਸਰਦੀਆਂ ਦੇ ਸਭ ਤੋਂ ਛੋਟੇ ਦਿਨ ਦੇ ਸੂਰਜ ਡੁੱਬਣ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ।
ਖਗੋਲ-ਵਿਗਿਆਨੀਆਂ ਨੇ ਕੰਪਿਊਟਰ ਮਾਡਲਿੰਗ ਰਾਹੀਂ 5,000 ਸਾਲ ਪਹਿਲਾਂ ਦੇ ਅਸਮਾਨ ਦੀ ਜਾਂਚ ਕੀਤੀ। ਉਨ੍ਹਾਂ ਮੁਤਾਬਕ, ਉਸ ਦੌਰ ਵਿੱਚ ਇਨ੍ਹਾਂ ਟੋਇਆਂ ਵਿੱਚ 2 ਤੋਂ 4 ਮੀਟਰ ਉੱਚੇ ਲੱਕੜ ਦੇ ਮੋਟੇ ਖੰਭੇ ਲਗਾਏ ਗਏ ਹੋਣਗੇ, ਜੋ ਸੂਰਜ ਦੀਆਂ ਕਿਰਨਾਂ ਨੂੰ ਬਿਲਕੁਲ ਸਹੀ ਦਿਸ਼ਾ ਵਿੱਚ ਫਰੇਮ ਕਰਦੇ ਸਨ। ਉਸ ਸਮੇਂ ਦੇ ਖੇਤੀਬਾੜੀ ਕਰਨ ਵਾਲੇ ਸਮਾਜ ਲਈ ਸੂਰਜ ਦੀ ਚਾਲ ਨੂੰ ਸਮਝਣਾ ਸਿਰਫ਼ ਧਾਰਮਿਕ ਨਹੀਂ ਬਲਕਿ ਬਹੁਤ ਜ਼ਰੂਰੀ ਪ੍ਰੈਕਟੀਕਲ ਕੰਮ ਸੀ। ਇਸੇ ਰਾਹੀਂ ਉਹ ਫ਼ਸਲਾਂ ਬੀਜਣ, ਮੌਸਮ ਬਦਲਣ ਅਤੇ ਆਪਣੇ ਸਮਾਜਿਕ ਇਕੱਠਾਂ ਦੇ ਸਮੇਂ ਦਾ ਹਿਸਾਬ-ਕਿਤਾਬ ਰੱਖਦੇ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਲੱਕੜ ਦਾ ਢਾਂਚਾ ਉਸੇ ਭਾਈਚਾਰੇ ਜਾਂ ਉਨ੍ਹਾਂ ਦੇ ਪੂਰਵਜਾਂ ਦੁਆਰਾ ਬਣਾਇਆ ਗਿਆ ਸੀ, ਜਿਨ੍ਹਾਂ ਨੇ ਬਾਅਦ ਵਿੱਚ ਸਟੋਨਹੈਂਜ ਦੇ ਵਿਸ਼ਾਲ ਪੱਥਰਾਂ ਨੂੰ ਉੱਥੇ ਲਿਆ ਕੇ ਖੜ੍ਹਾ ਕੀਤਾ। ਇਸ ਖੋਜ ਤੋਂ ਇਹ ਸਾਬਤ ਹੁੰਦਾ ਹੈ ਕਿ ਬ੍ਰਿਟੇਨ ਵਿੱਚ ਪੱਥਰਾਂ ਦੇ ਮਹਾਨ ਸਮਾਰਕ ਬਣਾਉਣ ਤੋਂ ਸਦੀਆਂ ਪਹਿਲਾਂ ਹੀ ਸੂਰਜ ਨੂੰ ਟਰੈਕ ਕਰਨ ਦੀ ਪਰੰਪਰਾ ਅਤੇ ਤਕਨੀਕ ਇੱਥੋਂ ਦੇ ਸਥਾਨਕ ਸੱਭਿਆਚਾਰ ਵਿੱਚ ਡੂੰਘੀ ਤਰ੍ਹਾਂ ਰਚੀ-ਵੱਸੀ ਹੋਈ ਸੀ।
ਪਿਛਲੀ ਖ਼ਬਰ ਇੰਡੋ ਯੂ.ਐਸ. ਹੈਰੀਟੇਜ ਵੱਲੋਂ ਪੰਜਾਬੀ ਮਾਂ-ਬੋਲੀ ਜਾਗਰੂਕਤਾ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ ਅਗਲੀ ਖ਼ਬਰ ਸਿਡਨੀ ’ਚ ਡਾਕਟਰ ਹਰਜਿੰਦਰ ਸਿੰਘ ਦੀ ਕਿਤਾਬ ‘ਜੀਵਨ ਜਾਚ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।