ਮਿਲਾਨ (ਇਟਲੀ), 23 ਜੂਨ (ਹਰਦੀਪ ਸਿੰਘ ਕੰਗ)-”ਅੰਤਰਰਾਸ਼ਟਰੀ ਯੋਗਾ ਦਿਵਸ”ਮੌਕੇ ਵਿਸ਼ਵ ਭਰ ਦੇ ਅਨੇਕਾਂ ਮੁਲਕਾਂ ਦੇ ਨਾਲ਼ ਨਾਲ਼ ਉੱਤਰੀ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਲੱਗੇ ਇਕ ਰੋਜ਼ਾ ਕੈਂਪਜ ਦੇ ਰਾਹੀ ਯੋਗ ਅਭਿਆਸ ਕੀਤਾ ਗਿਆ।ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਸੁਚੱਜੇ ਉਪਰਾਲੇ ਸਦਕਾ ਇਟਾਲੀਅਨ ਪ੍ਰਸ਼ਾਸ਼ਨ ਦੇ ਵਡਮੁੱਲੇ ਸਹਿਯੋਗ ਦੇ ਨਾਲ਼ ਉੱਤਰੀ ਇਟਲੀ ਦੇ ਮਿਲਾਨ,ਤੁਰੀਨ,ਵੈਰੋਨਾ ਅਤੇ ਵਿਚੈਂਸਾ ਵਿਖੇ ਕਰਵਾਏ ਗਏ ਯੋਗ ਅਭਿਆਸ ਦੌਰਾਨ ਵੱਡੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਅਤੇ ਹੋਰ ਵਿਦੇਸ਼ੀਆਂ ਨੇ ਸ਼ਿਰਕਤ ਕੀਤੀ ਜਿਸ ਤਹਿਤ ਤੁਰੀਨ ਸ਼ਹਿਰ ਵਿਖੇ ਯੋਗਾ ਕੈਂਪ ਦੀ ਅਗਵਾਈ ਕੌਸਲੇਟ ਜਨਰਲ ਮਿਲਾਨ ਸ਼੍ਰੀ ਲਵੱਨਿਆ ਕੁਮਾਰ ਜੀ ਦੁਆਰਾ ਕੀਤੀ ਗਈ।ਜਦੋਂ ਕਿ ਮਿਲਾਨ ਵਿਖੇ ਕੌਂਸਲ ਅਤੁੱਲ ਚੌਹਾਨ ਜੀ ਦੁਆਰਾ ਪਹੁੰਚ ਕੇ ਯੋਗਾ ਕਰਨ ਵਾਲਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਇਸੇ ਪ੍ਰਕਾਰ ਵੈਰੋਨਾ ਵਿਖੇ ਵਾਇਸ ਕੌਂਸਲ ਹਿਮਾਂਸੂ ਮੌਦਗਿਲ ਅਤੇ ਵਿਚੈਂਸਾ ਨੈੜਲੇ ਸ਼ਹਿਰ ਬਸਾਨੋ ਦੀ ਗਰਾਪਾ ਵਿਖੇ ਵਾਇਸ ਕੌਂਸਲ ਬਿਕਰਮਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜਿਰ ਰਹੇ।ਕੌਸਲੇਟ ਅਧਿਕਾਰੀਆਂ ਅਤੇ ਸਟਾਫ ਨੇ ਵੀ ਹੋਰਨਾਂ ਦੇ ਨਾਲ਼ ਨਾਲ਼ ਯੋਗਾ ਕੀਤਾ ਅਤੇ ਇਨਾਂ ਅਧਿਕਾਰੀਆਂ ਨੇ ਸਿਹਤ ਦੀ ਤੰਦਰੁਸਤੀ ਅਤੇ ਮਾਨਸਿਕ ਸਾਂਤੀ ਹਿੱਤ ਯੋਗਾ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।