ਲੈਸਟਰ (ਇੰਗਲੈਂਡ), 7 ਮਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਨਸ਼ਾ ਤਸਕਰੀ ਨਾਲ ਜੁੜੇ ਗਰੋਹਾਂ ਵੱਲੋਂ ਹੁਣ ਛੋਟੀ ਉਮਰ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ | ਇਕ ਤਾਜ਼ਾ ਜਾਂਚ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 7 ਸਾਲ ਤੱਕ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ, ਆਨਲਾਈਨ ਖੇਡਾਂ ਅਤੇ ਮੋਬਾਈਲ ਐਪਾਂ ਰਾਹੀਂ ਫਸਾ ਕੇ ਨਸ਼ਾ ਪਹੁੰਚਾਉਣ ਅਤੇ ਹੋਰ ਗੈਰਕਾਨੂੰਨੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ | ਸਿੱਖਿਆ ਮਾਹਿਰਾਂ, ਸਮਾਜ ਸੇਵਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਰੁਝਾਨ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ | ਇੰਗਲੈਂਡ ਦੇ ਸਮਰਸੈੱਟ ਇਲਾਕੇ ਦੇ ਬਿ੍ਜਵਾਟਰ ਸ਼ਹਿਰ ਵਿਚ ਸਕੂਲਾਂ ਨੂੰ ਇਸ ਵਧ ਰਹੇ ਖ਼ਤਰੇ ਕਾਰਨ ਵਿਸ਼ੇਸ਼ ਜਾਗਰੂਕਤਾ ਕਲਾਸਾਂ ਲਗਾਉਣੀਆਂ ਪਈਆਂ ਹਨ | ਇਕ ਸਕੂਲ ਵਿਚ ਬੱਚਿਆਂ ਨੂੰ ਇਹ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਕਿੰਡਰ ਜੌਏ, ਖਿਡੌਣਿਆਂ ਤੇ ਹੋਰ ਆਮ ਵਰਤੋਂ ਵਾਲੀਆਂ ਚੀਜ਼ਾਂ ਵਿਚ ਨਸ਼ੀਲੇ ਪਦਾਰਥ ਲੁਕਾ ਕੇ ਇਕ ਥਾਂ ਤੋਂ ਦੂਜੀ ਥਾਂ ਭੇਜੇ ਜਾਂਦੇ ਹਨ | ਸਕੂਲ ਮੁਖੀ ਨੇ ਦੱਸਿਆ ਕਿ ਪਹਿਲਾਂ ਇਹ ਸਮੱਸਿਆ ਵੱਡੀ ਉਮਰ ਦੇ ਬੱਚਿਆਂ ਤੱਕ ਸੀਮਿਤ ਮੰਨੀ ਜਾਂਦੀ ਸੀ, ਪਰ ਹੁਣ 5 ਤੋਂ 7 ਸਾਲ ਦੀ ਉਮਰ ਦੇ ਬੱਚੇ ਵੀ ਇਸ ਜਾਲ ਵਿਚ ਫਸ ਰਹੇ ਹਨ | ਕਈ ਬੱਚਿਆਂ ਨੂੰ ਤਾਂ ਇਹ ਤੱਕ ਪਤਾ ਨਹੀਂ ਹੁੰਦਾ ਕਿ ਉਹ ਗੈਰਕਾਨੂੰਨੀ ਕੰਮ ਕਰ ਰਹੇ ਹਨ | ਇਸ ਮਾਮਲੇ ਵਿਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਗਰੋਹ ਬੱਚਿਆਂ ਨੂੰ ਆਸਾਨ ਪੈਸਾ ਕਮਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਦੇ ਹਨ | ਬੱਚਿਆਂ ਨੂੰ ਪਹਿਲਾਂ ਛੋਟੇ-ਮੋਟੇ ਕੰਮ ਦਿੱਤੇ ਜਾਂਦੇ ਹਨ ਅਤੇ ਬਾਅਦ ਵਿਚ ਹÏਲੀ-ਹÏਲੀ ਨਸ਼ਾ ਪਹੁੰਚਾਉਣ, ਸੁਨੇਹੇ ਲਿਜਾਣ ਜਾਂ ਹੋਰ ਖ਼ਤਰਨਾਕ ਕੰਮਾਂ ਵਿਚ ਧੱਕ ਦਿੱਤਾ ਜਾਂਦਾ ਹੈ | ਸਮਾਜ ਸੇਵਕਾਂ ਨੇ ਕਿਹਾ ਹੈ ਕਿ ਇਸ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਸਿਰਫ਼ ਪੁਲਿਸ ਕਾਰਵਾਈ ਹੀ ਨਹੀਂ, ਸਗੋਂ ਸਕੂਲਾਂ, ਮਾਪਿਆਂ ਅਤੇ ਸਮਾਜਕ ਸੰਸਥਾਵਾਂ ਨੂੰ ਵੀ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਤਾਂ ਜੋ ਬੱਚਿਆਂ ਨੂੰ ਇਸ ਜਾਲ ਵਿਚ ਫਸਣ ਤੋਂ ਬਚਾਇਆ ਜਾ ਸਕੇ |