-ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਦੀ ਲੀਡਰਸ਼ਿਪ ਦੀ ਪਰਖ ਕੀਤੀ ਜਾਵੇਗੀ
ਲੰਡਨ, 7 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀਆਂ 32 ਕੌਂਸਲਾਂ ਸਮੇਤ ਇੰਗਲੈਂਡ ਦੀਆਂ 136 ਕੌਂਸਲਾਂ, ਜ਼ਿਲ੍ਹਾ ਕੌਂਸਲਾਂ ਤੇ ਹੋਰ ਸਥਾਨਿਕ ਅਥਾਰਟੀਆਂ ਦੀਆਂ 5000 ਤੋਂ ਵੱਧ ਸੀਟਾਂ ਲਈ ਵੋਟਾਂ ਪਈਆਂ | ਖ਼ਬਰ ਲਿਖਣ ਤੱਕ ਵੋਟਾਂ ਪੈਣ ਦਾ ਕੰਮ ਜਾਰੀ ਸੀ | ਚੋਣ ਨਤੀਜੇ ਸ਼ੁੱਕਰਵਾਰ ਸਵੇਰ ਤੋਂ ਆਉਣੇ ਸ਼ੁਰੂ ਹੋ ਜਾਣਗੇ | ਇਹਨਾਂ ਚੋਣਾਂ ਵਿਚ ਸਕਾਟਲੈਂਡ ਤੇ ਵੇਲਜ਼ ਦੀ ਸੰਸਦ ਲਈ ਵੀ ਵੋਟਾਂ ਪਈਆਂ ਹਨ | ਮੁੱਖ ਤੌਰ 'ਤੇ ਲੇਬਰ, ਕੰਜ਼ਰਵੇਟਿਵ ਪਾਰਟੀ, ਗਰੀਨ ਪਾਰਟੀ, ਲਿਬਰਲ ਡੈਮੋਕ੍ਰੇਟਿਕ ਤੇ ਰਿਫੌਰਮ ਯੂ.ਕੇ. ਵਿਚਕਾਰ ਮੁਕਾਬਲਾ ਹੈ | ਬੀਤੇ ਸਮੇਂ ਤੋਂ ਚੱਲ ਰਹੀਆਂ ਕਿਆਸ ਅਰਾਈਆਂ ਮੁਤਾਬਿਕ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ ਨੂੰ ਮੁੱਖ ਤੌਰ 'ਤੇ ਚਣੌਤੀ ਹੈ | ਕਿਉਂਕਿ ਵੀਰਵਾਰ ਨੂੰ ਯੂ.ਕੇ. ਭਰ ਵਿਚ ਲੱਖਾਂ ਲੋਕ ਮੁੱਖ ਸਥਾਨਕ ਤੇ ਵੇਲਜ਼ ਸਕਾਟਲੈਂਡ ਦੀਆਂ ਸੰਸਦੀ ਚੋਣਾਂ ਲਈ ਵੋਟ ਪਾਉਣ ਲਈ ਨਿਕਲੇ | ਇਹਨਾਂ ਚੋਣਾਂ ਵਿਚ 6 ਸ਼ਹਿਰਾਂ ਦੇ ਮੇਅਰ ਦੀ ਵੀ ਸਿੱਧੀ ਚੋਣ ਹੋ ਰਹੀ ਹੈ | 2024 ਵਿਚ ਯੂ.ਕੇ. ਦੀਆਂ ਆਮ ਚੋਣਾਂ ਤੋਂ ਬਾਅਦ ਇਹ ਚੋਣਾਂ ਲੇਬਰ ਪਾਰਟੀ ਦੇ ਨੇਤਾ ਵਜੋਂ ਸਟਾਰਮਰ ਦੀ ਪਰਖ ਵਜੋਂ ਪੇਸ਼ ਕੀਤੇ ਜਾ ਰਹੇ ਹਨ, ਕਿਉਂਕਿ ਸੱਤਾਧਾਰੀ ਪਾਰਟੀ ਕਈ ਸਰਵੇਖਣਾਂ ਵਿਚ ਦੂਜੀਆਂ ਪਾਰਟੀਆਂ ਤੋਂ ਪਿੱਛੇ ਹੈ | ਚੋਣ ਨਤੀਜਿਆਂ ਤੋਂ ਪਹਿਲਾਂ, ਪਾਰਟੀ ਦੇ ਕੁਝ ਹਿੱਸਿਆਂ ਦੁਆਰਾ ਇਕ ਸੰਭਾਵੀ ਚੁਣੌਤੀ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਕ ਨਵੇਂ ਪਾਰਟੀ ਨੇਤਾ ਦੀ ਚੋਣ ਦੇ ਹੱਕ ਵਿੱਚ ਇੱਕ ਪੂਰੀ ਤਰ੍ਹਾਂ ਬਗਾਵਤ ਸ਼ੁਰੂ ਕਰਨ ਲਈ ਲੋੜੀਂਦੇ 81 ਲੇਬਰ ਸੰਸਦ ਮੈਂਬਰਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ |
ਲੰਡਨ ਵਿਚ ਪੰਜਾਬੀਆਂ ਦੀ ਸਰਗਰਮ ਭੂਮਿਕਾ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਵੇਂ ਇੰਗਲੈਂਡ ਦੇ ਕਈ ਸ਼ਹਿਰਾਂ 'ਚ ਵੱਖ ਵੱਖ ਪਾਰਟੀਆਂ ਵੱਲੋਂ ਪੰਜਾਬੀ ਭਾਈਚਾਰੇ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ, ਪਰ ਲੰਡਨ ਵਿਚ ਪੰਜਾਬੀਆਂ ਦੀ ਸਰਗਰਮ ਭੂਮਿਕਾ ਜਿਆਦਾ ਹੀ ਵੇਖਣ ਨੂੰ ਮਿਲੀ | ਈਲਿੰਗ, ਹੰਸਲੋ, ਹਲਿੰਗਡਨ ਅਤੇ ਹੋਰ ਕੌਂਸਲਾਂ ਵਿਚ ਅਣਗਿਣਤ ਪੰਜਾਬੀ ਉਮੀਦਵਾਰ ਚੋਣਾਂ ਲੜ੍ਹ ਰਹੇ ਹਨ | ਖਾਸ ਤੌਰ 'ਤੇ ਪੰਜਾਬੀਆਂ ਦੇ ਗੜ੍ਹ ਸਾਊਥਾਲ ਵਿੱਚ ਇਸ ਵਾਰ ਪੋਲਿੰਗ ਬੂਥਾਂ ਦੇ ਬਾਹਰ ਪਹਿਲੀ ਵਾਰ ਆਮ ਨਾਲੋਂ ਜਿਆਦਾ ਸਰਗਰਮੀ ਵਿਖਾਈ ਦਿੱਤੀ | ਲੇਬਰ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜਿੱਥੇ ਉਹਨਾਂ ਦੇ ਹਮਾਇਤੀ ਬੂਥਾ ਦੇ ਬਹਾਰ ਖੜ੍ਹੇ ਵਿਖਾਈ ਦਿੱਤੇ ਉੱਥੇ ਹੀ ਅਜ਼ਾਦ ਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਹਮਾਇਤੀ ਵੀ ਵੋਟਰਾਂ ਅੱਗੇ ਆਪਣਾ ਪੱਖ ਰੱਖਦੇ ਵਿਖਾਈ ਦਿੱਤੇ |
ਲੰਡਨ ਸਮੇਤ ਇੰਗਲੈਂਡ ਦੇ ਕਈ ਸ਼ਹਿਰਾਂ ਦੀਆਂ ਸਥਾਨਕ ਚੋਣਾਂ ਦੇ ਨਤੀਜੇ ਅੱਜ
ਅਜੀਤ ਡੈਸਕ
08-05-2026