ਮਿਲਾਨ (ਇਟਲੀ), 20 ਅਪ੍ਰੈਲ (ਹਰਦੀਪ ਸਿੰਘ)-ਉੱਤਰੀ ਇਟਲੀ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਮਿਲਾਨ ਸਥਿਤ ਭਾਰਤੀ ਕੌਂਸਲੇਟ ਨੇ ਤੁਰੰਤ ਪਾਸਪੋਰਟ ਨਵੀਨੀਕਰਨ ਕਰਨ ਲਈ ਫਾਸਟ ਟਰੈਕ ਸੇਵਾ ਸ਼ੁਰੂ ਕਰਕੇ ਐਮਰਜੈਂਸੀ ਸੂਰਤ 'ਚ ਤੁਰੰਤ ਸੇਵਾਵਾਂ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਇਸੇ ਪ੍ਰਕਾਰ ਪਾਸਪੋਰਟ ਤਿਆਗਣ, ਪਾਵਰ ਆਫ਼ ਅਟਾਰਨੀ ਤੇ ਤਸਦੀਕ ਕਰਨ ਵਰਗੇ ਕੰਮਾਂ ਲਈ 'ਸੇਮ ਡੇਅ ਪ੍ਰੋਸੈੱਸ' ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ | ਕੌਂਸਲੇਟ ਜਨਰਲ ਲਵੱਨਿਆ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਸਬੰਧ 'ਚ ਜਲਦੀ ਹੀ ਇਕ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ ਜਾਵੇਗੀ ਜਿਸ 'ਚ ਵੱਖ-ਵੱਖ ਸਰਟੀਫਿਕੇਟ ਮਿਲਣਗੇ | ਉਨ੍ਹਾਂ ਦੱਸਿਆ ਕਿ ਪਾਸਪੋਰਟ ਨਾਲ਼ ਸਬੰਧਿਤ ਕਾਰਜਾਂ ਵਿਚ ਤੇਜ਼ੀ ਲਈ ਹੁਣ ਕੌਂਸਲੇਟ ਦਫ਼ਤਰ ਵਿਖੇ ਹਰੇਕ ਮਹੀਨੇ ਪਾਸਪੋਰਟ ਕੈਂਪ ਲਗਾਇਆ ਜਾਂਦਾ ਹੈ | ਜਿਸ ਤਹਿਤ ਪਾਸਪੋਰਟ ਅਰਜ਼ੀਆਂ ਲਈ ਹੁਣ ਅਗਲਾ ਕੈਂਪ ਮਿਲਾਨ ਵਿਖੇ 9 ਮਈ ਨੂੰ ਲਗਾਇਆ ਜਾਵੇਗਾ | ਇਟਲੀ ਵਿਚ ਪੜਾਈ ਕਰਨ ਲਈ ਆ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਕੈਰੀਅਰ ਕੌਂਸਲਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿੱਥੇ ਵੱਡੀਆਂ ਕੰਪਨੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਨÏਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਟਲੀ 'ਚ ਭਾਰਤੀ ਧਾਰਮਿਕ ਸਥਾਨਾਂ ਮੰਦਿਰਾਂ ਗੁਰਦੁਆਰਿਆਂ 'ਚ ਜਾ ਕੇ ਭਾਈਚਾਰੇ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ |