ਟੋਰਾਂਟੋ, 14 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਸੁਰਾ ਦੀ ਮਲਿਕਾ, ਬਾਲੀਵੁੱਡ ਸੰਗੀਤ ਅਤੇ ਆਵਾਜ਼ ਦੀ ਦੁਨੀਆਂ ਦਾ ਵੱਡਾ ਸਿਤਾਰਾ ਆਸ਼ਾ ਭੋਂਸਲੇ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਗੀਤ, ਗਾਇਕੀ ਅਤੇ ਸੰਗੀਤ ਦੀ ਸਮਝ ਰੱਖਣ ਵਾਲੇ ਲੋਕਾਂ ਵਲੋਂ ਕੀਤਾ ਗਿਆ | ਪ੍ਰਸਿੱਧ ਸੰਗੀਤਕਾਰ ਰਾਜਿੰਦਰ ਸਿੰਘ ਰਾਜ, ਲੋਕ ਗਾਇਕ ਹੈਰੀ ਸੰਧੂ, ਵਿਨੋਦ ਹਰਪਾਲਪੁਰੀ, ਬੌਬੀ ਪੰਧੇਰ, ਜਸ ਸੰਘਾ, ਗੀਤਕਾਰ ਹਰਬਿੰਦਰ ਦੀਵੜਾ, ਰਾਜਾ ਕੈਨੇਡਾ, ਹਰਜੀਤ ਦਬਾਲੀ, ਹਰਜੰਟ ਪੰਜਾਬੀ ਆਦਿ ਨੇ ਆਖਿਆ ਕਿ ਆਸ਼ਾ ਭੋਂਸਲੇ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ | ਇਥੇ ਚਲਦੇ ਵੱਖ-ਵੱਖ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ 'ਤੇ ਵੀ ਆਸ਼ਾ ਭੋਂਸਲੇ ਦਾ ਨਾਂਅ ਅਤੇ ਉਨ੍ਹਾਂ ਵਲੋਂ ਗਾਏ ਗੀਤ ਹੀ ਚਲਦੇ ਰਹੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜ਼ਲੀਆਂ ਵੀ ਭੇਟ ਕੀਤੀਆਂ ਗਈਆਂ |