ਲੰਡਨ, 14 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ 10 ਡਾਊਨਿੰਗ ਸਟ੍ਰੀਟ ਦੀ ਜਿਸ ਤਰ੍ਹਾਂ ਸਜਾਵਟ ਹੋਈ ਹੈ, ਆਮ ਤੌਰ ਤੇ ਇਸ ਤਰ੍ਹਾਂ ਨਹੀਂ ਹੁੰਦੀ | ਉਨ੍ਹਾਂ ਸਿੱਖ ਭਾਈਚਾਰੇ ਵਲੋਂ ਬਰਤਾਨੀਆ ਲਈ ਵੱਖ-ਵੱਖ ਖੇਤਰਾਂ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਜੰਗ ਦੌਰਾਨ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਬਰਤਾਨੀਆਂ ਦੀਆਂ ਕਦਰਾਂ ਕੀਮਤਾਂ ਸਾਂਝੀਆਂ ਹਨ | ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ | ਉਨ੍ਹਾਂ ਜਿਥੇ ਗੁਰਦੁਆਰਾ ਖ਼ਾਲਸਾ ਜਥਾ ਦਾ ਵਿਸ਼ੇਸ਼ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਸੋਫੀਆ ਦਲੀਪ ਸਿੰਘ ਵਲੋਂ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਲਈ ਲੜਾਈ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ | ਉਨ੍ਹਾਂ ਨਾਲ ਹੀ ਕਸਿੰਗਟਨ ਪੈਲਿਸ 'ਚ ਲੱਗੀ ਪ੍ਰਦਰਸ਼ਨੀ ਵੱਲ ਵੀ ਧਿਆਨ ਦਿਵਾਇਆ | ਉਨ੍ਹਾਂ ਦੇਸ਼ ਦੀ ਸਿਆਸਤ 'ਚ ਸਿੱਖਾਂ ਦੀ ਭੂਮਿਕਾ ਅਤੇ ਮੌਜੂਦਾ ਸਿੱਖ ਸੰਸਦ ਮੈਂਬਰਾਂ ਦੀ ਗਿਣਤੀ ਅਤੇ ਸਰਕਾਰ 'ਚ ਸ਼ਮੂਲੀਅਤ ਬਾਰੇ ਖਾਸ ਤੌਰ 'ਤੇ ਜ਼ਿਕਰ ਕੀਤਾ | ਇਸ ਮੌਕੇ ਸੰਸਦ ਮੈਂਬਰ ਸਤਵੀਰ ਕੌਰ, ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ, ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਸੰਸਦ ਮੈਂਬਰ ਡ੍ਰੀਅਡ੍ਰੇ ਕੌਸਟਿਗਨ, ਸੰਸਦ ਮੈਂਬਰ ਬਾਗ਼ੀ ਸ਼ੰਕਰ, ਸੰਸਦ ਮੈਂਬਰ ਸੋਨੀਆ ਕੁਮਾਰ, ਕੌਂਸਲਰ ਕਮਲਪ੍ਰੀਤ ਕੌਰ, ਨਰਪਿੰਦਰ ਕੌਰ, ਗੁਰਪ੍ਰੀਤ ਸਿੰਘ ਅਨੰਦ, ਭਾਈ ਜੋਗਾ ਸਿੰਘ, 'ਅਜੀਤ' ਪ੍ਰਤੀਨਿਧ ਮਨਪ੍ਰੀਤ ਸਿੰਘ ਬੱਧਨੀ ਕਲਾਂ, ਇੰਦਰਪਾਲ ਸਿੰਘ ਸੱਲ, ਜਗਦੇਵ ਸਿੰਘ ਵਿਰਦੀ, ਪਿ੍ਤਪਾਲ ਸਿੰਘ ਹਾਈਸ਼ੈਰਿਫ, ਨਰਿੰਦਰ ਕੌਰ, ਬਿ੍ਟਿਸ਼ ਫ਼ੌਜ ਦੇ ਸਿੱਖ ਅਧਿਕਾਰੀ ਆਦਿ ਸਮੇਤ ਯੂ.ਕੇ. ਭਰ ਤੋਂ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਆਗੂ ਹਾਜ਼ਰ ਸਨ |