ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰ ਕੋਛੜ)-ਬਲੋਚਿਸਤਾਨ ਪਾਕਿਸਤਾਨੀ ਫੌਜਾਂ ਦੇ ਲਗਾਤਾਰ ਅੱਤਿਆਚਾਰਾਂ ਨਾਲ ਜੂਝ ਰਿਹਾ ਹੈ | ਉਥੇ ਬਲੋਚ ਨਾਗਰਿਕਾਂ ਦੇ ਗੈਰ-ਨਿਆਇਕ ਕਤਲ ਬੇਮਿਸਾਲ ਪੱਧਰ 'ਤੇ ਹੋ ਰਹੇ ਹਨ | ਇਸ ਸਭ ਦੇ ਚਲਦਿਆਂ ਬਲੋਚ ਮਹਿਲਾ ਫੋਰਮ (ਬੀ. ਡਬਲਯੂ. ਐੱਫ.) ਦੀ ਕੇਂਦਰੀ ਪ੍ਰਬੰਧਕ ਸ਼ਾਲੀ ਬਲੋਚ ਨੇ ਜੇਨੇਵਾ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 61ਵੇਂ ਸੈਸ਼ਨ ਦੌਰਾਨ ਬਲੋਚਿਸਤਾਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ | ਉਸ ਨੇ ਪਾਕਿਸਤਾਨੀ ਫੌਜ 'ਤੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਜ਼ਬਰਦਸਤੀ ਬਲੋਚ ਨਾਗਰਿਕਾਂ ਨੂੰ ਲਾਪਤਾ ਕਰਨ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਕਰਨ ਦਾ ਦੋਸ਼ ਲਗਾਇਆ | ਸ਼ਾਲੀ ਬਲੋਚ ਨੇ ਕਿਹਾ ਕਿ ਪਾਕਿਸਤਾਨ ਵਿਚ ਬਲੋਚ ਨਾਗਰਿਕਾਂ ਨੂੰ ਅੱਤਵਾਦੀ ਦੱਸ ਕੇ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਨੂੰ ਮਾਰਨਾ ਕਈ ਦਹਾਕਿਆਂ ਤੋਂ ਜਾਰੀ ਹੈ | ਵਰਚੁਅਲ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼ਾਲੀ ਨੇ ਕਿਹਾ ਕਿ ਪਾਕਿਸਤਾਨੀ ਸ਼ਾਸਨ ਅਧੀਨ ਬਲੋਚਿਸਤਾਨ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰ ਰਿਹਾ ਹੈ, ਜਿਸ 'ਚ ਹਾਲ ਹੀ ਦੇ ਸਮੇਂ ਵਿਚ ਬਲੋਚ ਔਰਤਾਂ ਅਤੇ ਬੱਚਿਆਂ 'ਤੇ ਸਿੱਧੇ ਹਮਲੇ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਇਕੱਲੇ ਸਾਲ 2025 'ਚ ਜ਼ਬਰਦਸਤੀ ਲਾਪਤਾ ਹੋਣ ਦੇ ਲਗਪਗ 1355 ਮਾਮਲੇ ਰਿਪੋਰਟ ਕੀਤੇ ਗਏ, ਜਿਨ੍ਹਾਂ 'ਚ 18 ਔਰਤਾਂ ਸਮੇਤ 225 ਲੋਕਾਂ ਦੇ ਕਤਲ ਸ਼ਾਮਿਲ ਹਨ | ਬਲੋਚ ਕਾਰਕੁਨ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਬਲੋਚਿਸਤਾਨ 'ਚ ਮਨੁੱਖੀ ਅਧਿਕਾਰਾਂ ਦੀਆਂ ਸਾਰੀਆਂ ਉਲੰਘਣਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਨਾਗਰਿਕਾਂ ਦੇ ਜ਼ਬਰਦਸਤੀ ਲਾਪਤਾ ਹੋਣ ਤੇ ਕਤਲਾਂ ਦੀ ਨਿਰਪੱਖ ਜਾਂਚ ਦੀ ਮੰਗ ਕਰੇ | ਇਸ ਦੌਰਾਨ ਬਲੋਚ ਵੋਇਸ ਫਾਰ ਜਸਟਿਸ (ਬੀ. ਵੀ. ਜੇ.) ਨੇ ਕੌਮਾਂਤਰੀ ਭਾਈਚਾਰੇ ਨੂੰ ਚੁੱਪ ਨਾ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਤੁਰੰਤ ਸੁਤੰਤਰ ਜਾਂਚ, ਦੋਸ਼ੀਆਂ ਦੀ ਜਵਾਬਦੇਹੀ ਅਤੇ ਬਲੋਚ ਲੋਕਾਂ ਦੀ ਗੈਰ-ਕਾਨੂੰਨੀ ਹਿਰਾਸਤ ਅਤੇ ਕਤਲਾਂ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ |