20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਤੇਲ ਕੀਮਤਾਂ ਚੜ੍ਹਣ ਕਾਰਨ ਸਟਾਰਮਰ ਦੀ ਊਰਜਾ ਕੰਪਨੀਆਂ ਨਾਲ ਐਮਰਜੈਂਸੀ ਮੀਟਿੰਗ

ਅਜੀਤ ਡੈਸਕ 31-03-2026
ਲੈਸਟਰ (ਇੰਗਲੈਂਡ), 30 ਮਾਰਚ (ਸੁਖਜਿੰਦਰ ਸਿੰਘ ਢੱਡੇ)-ਮੱਧ ਪੂਰਬ ਵਿਚ ਈਰਾਨ ਨਾਲ ਜਾਰੀ ਯੁੱਧ ਕਾਰਨ ਵਿਸ਼ਵ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਬਿ੍ਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਅੱਜ ਡਾਊਨਿੰਗ ਸਟਰੀਟ 'ਚ ਊਰਜਾ, ਸ਼ਿਪਿੰਗ ਅਤੇ ਵਿੱਤੀ ਖੇਤਰ ਦੇ ਮੁਖੀਆਂ ਨਾਲ ਮਹੱਤਵਪੂਰਨ ਮੀਟਿੰਗ ਕਰਨ ਜਾ ਰਹੇ ਹਨ | ਸਰਕਾਰ ਇਸ ਮੀਟਿੰਗ ਦੌਰਾਨ ਇਸ ਗੱਲ 'ਤੇ ਵਿਚਾਰ ਕਰੇਗੀ ਕਿ ਜੰਗ ਦੇ ਪ੍ਰਭਾਵ ਨਾਲ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਸੰਭਾਵਿਤ ਸਪਲਾਈ ਘਾਟ ਨਾਲ ਕਿਵੇਂ ਨਜਿੱਠਿਆ ਜਾਵੇ | ਮਾਹਿਰਾਂ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਤਣਾਅ ਕਾਰਨ ਗਲੋਬਲ ਊਰਜਾ ਬਾਜ਼ਾਰਾਂ 'ਚ ਅਸਥਿਰਤਾ ਵਧ ਰਹੀ ਹੈ | ਦਰਅਸਲ ਇਰਾਨ ਨਾਲ ਜੁੜੇ ਸੰਘਰਸ਼ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ | ਇਹ ਸਥਿਤੀ ਖਾਸ ਕਰਕੇ ਹੋਰਮੁਜ਼ ਜਲਡੰਘੇ ਰਾਹੀਂ ਹੋਣ ਵਾਲੀ ਤੇਲ ਸਪਲਾਈ ਲਈ ਖ਼ਤਰਾ ਬਣ ਰਹੀ ਹੈ, ਜਿੱਥੋਂ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਬਰਾਬਰ ਤੇਲ ਦੀ ਆਵਾਜਾਈ ਹੁੰਦੀ ਹੈ | ਰਿਪੋਰਟਾਂ ਅਨੁਸਾਰ ਸਰਕਾਰ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਜੇਕਰ ਸੰਘਰਸ਼ ਲੰਮਾ ਖਿੱਚਦਾ ਹੈ ਤਾਂ ਯੂਕੇ ਵਿੱਚ ਡੀਜ਼ਲ ਅਤੇ ਜੈੱਟ ਫਿਊਲ ਦੀ ਸਪਲਾਈ 'ਤੇ ਦਬਾਅ ਪੈ ਸਕਦਾ ਹੈ | ਇਸ ਲਈ ਸਰਕਾਰ ਉਦਯੋਗ ਨਾਲ ਮਿਲ ਕੇ ਸੰਭਾਵਿਤ ਕਦਮਾਂ ਅਤੇ ਐਮਰਜੈਂਸੀ ਯੋਜਨਾਵਾਂ 'ਤੇ ਵੀ ਵਿਚਾਰ ਕਰ ਰਹੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਮੱਧ ਪੂਰਬ ਦੀ ਸਥਿਤੀ ਜਾਰੀ ਰਹੀ ਤਾਂ ਤੇਲ ਦੀਆਂ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ, ਜਿਸ ਦਾ ਸਿੱਧਾ ਪ੍ਰਭਾਵ ਬਿ੍ਟੇਨ ਸਮੇਤ ਯੂਰਪ ਦੇ ਦੇਸ਼ਾਂ ਵਿੱਚ ਊਰਜਾ ਬਿੱਲਾਂ, ਆਵਾਜਾਈ ਖ਼ਰਚਾਂ ਅਤੇ ਮਹਿੰਗਾਈ 'ਤੇ ਪੈ ਸਕਦਾ ਹੈ |



ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਸੰਤ ਬਾਬਾ ਮਦਨ ਲਾਲ ਦੀ ਯਾਦ 'ਚ ਧਾਰਮਿਕ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।