ਲੰਡਨ, 29 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ 2 ਬਜ਼ੁਰਗ ਸਿੱਖ ਟੈਕਸੀ ਡਰਾਇਵਰਾਂ 'ਤੇ ਹਮਲਾ ਕਰਨ ਦੇ ਸੰਬੰਧ 'ਚ 3 ਵਿਅਕਤੀਆਂ 'ਤੇ ਦੋਸ਼ ਲਗਾਏ ਗਏ ਹਨ | ਬਿ੍ਟਿਸ਼ ਟ੍ਰਾਂਸਪੋਰਟ ਪੁਲਿਸ (ਬੀ.ਟੀ.ਪੀ.) ਨੇ ਕਿਹਾ ਕਿ ਡਡਲੀ ਦੇ 20 ਸਾਲਾ ਜ਼ੈਕਰੀ ਹਾਲ 'ਤੇ ਪਿਛਲੇ ਸਾਲ 15 ਅਗਸਤ ਨੂੰ 2 ਸਿੱਖ ਡਰਾਇਵਰਾਂ 'ਤੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ, ਨਸਲੀ ਹਮਲਾ ਕਰਨ, ਤੇ ਤਿੰਨ ਹੋਰ ਜਨਤਕ ਅਪਰਾਧਾਂ ਦਾ ਦੋਸ਼ ਲਗਾਇਆ ਹੈ | ਇਸੇ ਤਰ੍ਹਾਂ 25 ਸਾਲਾ ਨਾਥਨ ਐਡਵਰਡਸ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ, 2 ਜਨਤਕ ਅਪਰਾਧ, ਹੋਰ ਅਪਰਾਧਾਂ ਦੇ ਨਾਲ ਨਾਲ ਗਿ੍ਫਤਾਰੀ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਤੀਜੇ ਵਿਅਕਤੀ ਰੋਲੀ ਰੇਜਿਸ ਦੇ 18 ਸਾਲਾ ਲਿਓਨ ਵਿਲੇਟਸ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਤੇ ਗਿ੍ਫਤਾਰੀ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਹਾਲਾਂਕਿ, ਤਿੰਨਾਂ ਵਿਅਕਤੀਆਂ ਨੂੰ 5 ਮਾਰਚ ਨੂੰ ਡਡਲੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਣ ਦੇ ਹੁਕਮਾਂ ਦਿੰਦਿਆਂ ਤੱਦ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ | ਇਸ ਮਾਮਲੇ 'ਚ ਡੁੰਘਾਈ ਨਾਲ ਜਾਂਚ ਕਰਨ ਲਈ ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਦਬਿੰਦਰਜੀਤ ਸਿੰਘ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ |